Nepal Accident: ਰੋਲਪਾ ਜ਼ਿਲ੍ਹੇ ਵਿੱਚ ਜੀਪ ਖੱਡ ਵਿੱਚ ਡਿੱਗੀ; 20 ਹਲਾਕ
ਤੀਰਥ ’ਤੇ ਜਾਂਦੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ
ਨੇਪਾਲ ਦੇ ਰੋਲਪਾ ਜ਼ਿਲ੍ਹੇ ਵਿੱਚ ਅੱਜ ਸ਼ਾਮ ਵੇਲੇ ਸ਼ਰਧਾਲੂਆਂ ਨਾਲ ਭਰੀ ਇੱਕ ਜੀਪ ਪਹਾੜ ਤੋਂ ਹੇਠਾਂ ਡਿੱਗ ਗਈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ 20 ਜਣਿਆਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸ਼ਰਧਾਲੂ ਰੁਕੁਮ ਪੂਰਬ ਤੋਂ ਜਲਜਲਾ ਜਾ ਰਹੇ ਸਨ।
ਰਿਪੋਰਟਾਂ ਅਨੁਸਾਰ ਇਹ ਹਾਦਸਾ ਥਾਬਾਂਗ ਨਗਰਪਾਲਿਕਾ ਖੇਤਰ ਵਿੱਚ ਉਸ ਵੇਲੇ ਵਾਪਰਿਆ ਜਦੋਂ ਇਕ ਜੀਪ ਪਹਾੜੀ ਤੋਂ 800 ਮੀਟਰ ਹੇਠਾਂ ਡੂੰਘੀ ਖੱਡ ਵਿੱਚ ਜਾ ਡਿੱਗੀ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਪੂਰਨਮਾਸ਼ੀ ਮੌਕੇ ਵਿਸ਼ੇਸ਼ ਪੂਜਾ ਅਤੇ ਰਸਮਾਂ ਨਿਭਾਉਣ ਜਾ ਰਹੇ ਸਨ।
ਰੋਲਪਾ ਜ਼ਿਲ੍ਹਾ ਪੁਲੀਸ ਦਫ਼ਤਰ ਦੇ ਸੂਚਨਾ ਅਧਿਕਾਰੀ ਸੁਨੀਲ ਥਾਪਾ ਨੇਪਾਲੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਟੀਮਾਂ ਅਤੇ ਸਥਾਨਕ ਲੋਕਾਂ ਨੂੰ ਬਚਾਅ ਕਾਰਜਾਂ ਲਈ ਭੇਜਿਆ ਗਿਆ। ਜ਼ਿਲ੍ਹਾ ਅਧਿਕਾਰੀ ਗੰਗਾ ਬਹਾਦੁਰ ਛੇਤਰੀ ਨੇ ਕਿਹਾ ਕਿ ਪ੍ਰਸ਼ਾਸਨ ਪੂਰੀ ਮੁਸਤੈਦੀ ਨਾਲ ਰਾਹਤ ਕਾਰਜਾਂ ਵਿੱਚ ਜੁਟਿਆ ਹੋਇਆ ਹੈ।
ਖਰਾਬ ਮੌਸਮ ਹੋ ਸਕਦਾ ਹੈ ਹਾਦਸੇ ਦਾ ਕਾਰਨ
ਮੁੱਢਲੀ ਜਾਂਚ ਵਿੱਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਲਾਕੇ ਵਿੱਚ ਹੋ ਰਹੀ ਬਾਰਿਸ਼ ਕਾਰਨ ਸੜਕਾਂ 'ਤੇ ਪੈਦਾ ਹੋਈ ਫਿਸਲਣ ਕਾਰਨ ਗੱਡੀ ਬੇਕਾਬੂ ਹੋ ਗਈ ਹੋਵੇਗੀ। ਫਿਲਹਾਲ ਮੌਕੇ 'ਤੇ ਬਚਾਅ ਕਾਰਜ ਜਾਰੀ ਹਨ ਅਤੇ ਲਾਸ਼ਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

