ਇੰਡੋਨੇਸ਼ੀਆ ਵਿੱਚ ਸਮੁੰਦਰੀ ਜਹਾਜ਼ ਪਲਟਣ ਤੋਂ ਬਾਅਦ ਕਰੀਬ 130 ਲੋਕ ਲਾਪਤਾ
ਘੱਟੋ-ਘੱਟ 107 ਲੋਕਾਂ ਨੂੰ ਬਚਾਇਆ ਗਿਆ; ਛੇ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ
ਜਾਵਾ ਸਾਗਰ ਵਿੱਚ ਲਗਪਗ 240 ਲੋਕਾਂ ਨੂੰ ਲੈ ਕੇ ਜਾ ਰਹੇ ਇੱਕ ਇੰਡੋਨੇਸ਼ੀਆਈ ਯਾਤਰੀ ਸਮੁੰਦਰੀ ਜਹਾਜ਼ ਦੇ ਖ਼ਰਾਬ ਮੌਸਮ ਕਾਰਨ ਪਲਟ ਜਾਣ ਤੋਂ ਬਾਅਦ 130 ਯਾਤਰੀ ਅਤੇ ਚਾਲਕ ਦਲ (ਕਰੂ) ਦੇ ਮੈਂਬਰ ਲਾਪਤਾ ਹਨ। ਇੰਡੋਨੇਸ਼ੀਆ ਦੇ ਬਚਾਅ ਕਰਮਚਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 107 ਲੋਕਾਂ ਨੂੰ ਬਚਾ ਲਿਆ ਗਿਆ ਹੈ ਅਤੇ ਛੇ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਜਹਾਜ਼ ਨਾਲ ਆਖ਼ਰੀ ਵਾਰ ਜਿਸ ਥਾਂ 'ਤੇ ਸੰਪਰਕ ਹੋਇਆ ਸੀ, ਉਸ ਦੇ ਆਸ-ਪਾਸ ਦੇ ਸਮੁੰਦਰੀ ਖੇਤਰ ਵਿੱਚ ਭਾਲ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਜਹਾਜ਼ ਪੂਰਬੀ ਜਾਵਾ ਦੇ ਸੁਰਾਬਾਇਆ ਤੋਂ ਦੱਖਣੀ ਕਾਲੀਮੰਤਨ ਦੇ ਬੰਜਾਰਮਾਸਿਨ ਜਾ ਰਹੀ ਸੀ।
ਬੰਜਾਰਮਾਸਿਨ ਖੋਜ ਅਤੇ ਬਚਾਅ ਦਫ਼ਤਰ ਦੇ ਮੁਖੀ ਆਈ ਪੁਤੂ ਸੁਦਾਇਨਾ ਨੇ ਦੱਸਿਆ ਕਿ ਜਹਾਜ਼ ਦੇ ਕਪਤਾਨ ਨੇ ਪਹਿਲਾਂ 10 ਫੁੱਟ ਤੱਕ ਉੱਚੀਆਂ ਲਹਿਰਾਂ ਨਾਲ ਸਮੁੰਦਰ ਵਿੱਚ ਖ਼ਰਾਬ ਹਾਲਾਤ ਦੀ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਐਮਰਜੈਂਸੀ ਸੁਨੇਹਾ ਜਾਰੀ ਕਰਦਿਆਂ ਦੱਸਿਆ ਕਿ ਜਹਾਜ਼ ਇੱਕ ਪਾਸੇ ਝੁਕ ਰਿਹਾ ਹੈ। ਅਧਿਕਾਰੀਆਂ ਨੂੰ ਬਾਅਦ ਵਿੱਚ ਸੂਚਨਾ ਮਿਲੀ ਕਿ ਜਹਾਜ਼ ਪਲਟ ਗਿਆ ਅਤੇ ਫਿਰ ਡੁੱਬ ਗਿਆ।
ਬੰਜਾਰਮਾਸਿਨ ਦੀ ਬਚਾਅ ਏਜੰਸੀ ਨੇ ਦੱਸਿਆ ਕਿ ਸ਼ਨਿੱਚਰਵਾਰ ਦੇਰ ਰਾਤ ਲਗਪਗ ਦੋ ਵਜੇ 'ਵਿਰਗੋ ਟਰਾਂਸਪੋਰਟ 8' ਨਾਲ ਸੰਪਰਕ ਟੁੱਟਣ ਦੇ ਦੋ ਘੰਟੇ ਬਾਅਦ ਉਸਨੂੰ ਘਟਨਾ ਦੀ ਸੂਚਨਾ ਮਿਲੀ। ਇਹ ਜਹਾਜ਼ ਇੰਡੋਨੇਸ਼ੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਸੁਰਾਬਾਇਆ ਤੋਂ ਬੋਰਨੀਓ ਟਾਪੂ ਸਥਿਤ ਬੰਜਾਰਮਾਸਿਨ ਲਈ ਰਵਾਨਾ ਹੋਇਆ ਸੀ।
ਸੁਦਾਇਨਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ, "ਜਹਾਜ਼ ਸੰਚਾਲਕ ਨੇ ਜਹਾਜ਼ ਦੇ ਖ਼ਰਾਬ ਮੌਸਮ ਵਿੱਚ ਫਸਣ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ।"
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਇੱਕ ਬਚਾਅ ਸਮੁੰਦਰੀ ਜਹਾਜ਼ ਨੂੰ ਉਸ ਥਾਂ ਵੱਲ ਰਵਾਨਾ ਕੀਤਾ ਗਿਆ, ਜਿੱਥੇ 'ਵਿਰਗੋ ਟਰਾਂਸਪੋਰਟ 8' ਨਾਲ ਆਖ਼ਰੀ ਵਾਰ ਸੰਪਰਕ ਹੋਇਆ ਸੀ। ਜਹਾਜ਼ 'ਤੇ ਵੱਡੀ ਗਿਣਤੀ ਵਿੱਚ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਹੋਣ ਕਾਰਨ ਸਾਰੇ ਉਪਲਬਧ ਕਰਮਚਾਰੀਆਂ ਅਤੇ ਸਾਧਨਾਂ ਨੂੰ ਭਾਲ ਮੁਹਿੰਮ ਵਿੱਚ ਲਗਾਇਆ ਜਾ ਰਿਹਾ ਹੈ।
ਜਹਾਜ਼ ਦੀ ਯਾਤਰੀ ਸੂਚੀ ਦੇ ਅਨੁਸਾਰ, ਉਸ 'ਤੇ 213 ਯਾਤਰੀਆਂ ਅਤੇ ਚਾਲਕ ਦਲ ਦੇ 30 ਮੈਂਬਰਾਂ ਸਮੇਤ 243 ਲੋਕ ਸਵਾਰ ਸਨ। ਹਾਲਾਂਕਿ, ਇੰਡੋਨੇਸ਼ੀਆ ਵਿੱਚ ਜਹਾਜ਼ 'ਤੇ ਸਵਾਰ ਯਾਤਰੀਆਂ ਦੀ ਅਸਲ ਗਿਣਤੀ ਦਾ ਅਧਿਕਾਰਤ ਸੂਚੀ ਵਿੱਚ ਦਰਜ ਗਿਣਤੀ ਤੋਂ ਵੱਖਰਾ ਹੋਣਾ ਆਮ ਗੱਲ ਹੈ।
ਐਤਵਾਰ ਨੂੰ ਬੰਜਾਰਮਾਸਿਨ ਦੇ ਤ੍ਰਿਸਕਤੀ ਬੰਦਰਗਾਹ ਸਥਿਤ ਕੰਟਰੋਲ ਕੇਂਦਰ 'ਤੇ ਸੈਂਕੜੇ ਪਰਿਵਾਰਕ ਮੈਂਬਰ ਇਕੱਠੇ ਹੋਏ ਅਤੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਬਾਰੇ ਜਾਣਕਾਰੀ ਮਿਲਣ ਦੀ ਉਡੀਕ ਕਰਦੇ ਰਹੇ, ਜਿਨ੍ਹਾਂ ਦੇ ਜਹਾਜ਼ 'ਤੇ ਸਵਾਰ ਹੋਣ ਦੀ ਜਾਣਕਾਰੀ ਹੈ। ਅਧਿਕਾਰੀਆਂ ਵੱਲੋਂ ਜਿਊਂਦੇ ਬਚੇ ਲੋਕਾਂ ਦੀ ਭਾਲ ਜਾਰੀ ਰੱਖਣ ਦੇ ਵਿਚਕਾਰ ਕਈ ਪਰਿਵਾਰਕ ਮੈਂਬਰ ਬੇਚੈਨੀ ਨਾਲ ਯਾਤਰੀਆਂ ਦੀ ਸੂਚੀ ਅਤੇ ਬਚਾਏ ਗਏ ਲੋਕਾਂ ਦੀ ਸੂਚੀ ਦੀ ਜਾਂਚ ਕਰਦੇ ਰਹੇ।
ਇੰਡੋਨੇਸ਼ੀਆ 17,000 ਤੋਂ ਵੱਧ ਟਾਪੂਆਂ ਵਾਲਾ ਇੱਕ ਦੀਪ-ਸਮੂਹ ਦੇਸ਼ ਹੈ, ਜਿੱਥੇ ਸਮੁੰਦਰੀ ਜਹਾਜ਼ ਜਾਂ ਕਿਸ਼ਤੀ ਰਾਹੀਂ ਸਫ਼ਰ ਕਰਨਾ ਆਮ ਸਾਧਨ ਹੈ। ਇੱਥੇ ਅਕਸਰ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਇਸ ਲਈ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਨਾ ਕੀਤੇ ਜਾਣ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ।

