ਵਿਦੇਸ਼ ’ਚ ਕੰਮ ਕਰਦੇ ਭਾਰਤੀ ਨਾਗਰਿਕਾਂ ਦੇ ਹਾਲਾਤ ਬਾਰੇ ਪ੍ਰੇਸ਼ਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ਖ਼ੁਲਾਸਾ ਹੋਇਆ ਹੈ ਕਿ ਬੀਤੇ ਪੰਜ ਸਾਲਾਂ ਦੌਰਾਨ ਰੋਜ਼ਾਨਾ 20 ਤੋਂ ਵੱਧ ਭਾਰਤੀ ਵਿਦੇਸ਼ੀ ਧਰਤੀ ’ਤੇ ਜਾਨ ਗੁਆ ਬੈਠੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਮੌਤਾਂ ਖਾੜੀ ਮੁਲਕਾਂ ’ਚ ਹੋਈਆਂ ਹਨ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਵੱਲੋਂ ਰਾਜ ਸਭਾ ’ਚ ਲਿਖਤੀ ਜਵਾਬ ਦੌਰਾਨ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ 2021 ਤੋਂ 2025 ਦਰਮਿਆਨ 37740 ਭਾਰਤੀ ਵਰਕਰਾਂ ਦੀ ਵਿਦੇਸ਼ ’ਚ ਮੌਤਾਂ ਹੋਈਆਂ ਸਨ। ਅੰਕੜਿਆਂ ਮੁਤਾਬਕ ਭਾਰਤੀ ਵਰਕਰਾਂ ਦੀ ਵਿਦੇਸ਼ ’ਚ ਸਭ ਤੋਂ ਵੱਧ 8234 ਮੌਤਾਂ 2021 ’ਚ ਹੋਈਆਂ। ਇਸੇ ਤਰ੍ਹਾਂ 2022 ’ਚ 6614, 2023 ’ਚ 7291, 2024 ’ਚ 7747 ਅਤੇ 2025 ’ਚ 7854 ਮੌਤਾਂ ਹੋਈਆਂ ਸਨ। ਇਨ੍ਹਾਂ ’ਚੋਂ ਸਭ ਤੋਂ ਵੱਧ 86 ਫ਼ੀਸਦ ਮੌਤਾਂ ਖਾੜੀ ਮੁਲਕਾਂ ’ਚ ਹੋਈਆਂ।
‘ਭਾਰਤੀ ਨਾਗਰਿਕਾਂ ਦੀ ਸੁਰੱਖਿਆ ਤੇ ਸਲਾਮਤੀ ਨੂੰ ਤਰਜੀਹ’
ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਵਿਦੇਸ਼ਾਂ ’ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸਲਾਮਤੀ ਨੂੰ ਤਰਜੀਹ ਦਿੱਤੀ ਜਾਂਦੀ ਹੈ। ਕਿਸੇ ਵੀ ਭਾਰਤੀ ਨਾਗਰਿਕ ਦੇ ਮੁਸ਼ਕਲ ’ਚ ਹੋਣ ਦੀ ਸੂਚਨਾ ਮਿਲਦੇ ਸਾਰ ਹੀ ਮਿਸ਼ਨ ਸਬੰਧਤ ਮੁਲਕ ਦੇ ਵਿਦੇਸ਼ ਮੰਤਰਾਲੇ, ਕਿਰਤ ਵਿਭਾਗ ਅਤੇ ਪੁਲੀਸ ਨਾਲ ਸੰਪਰਕ ਕਰਦਾ ਹੈ। ਭਾਰਤੀ ਨਾਗਰਿਕਾਂ ਨੂੰ ਸਫ਼ਾਰਤੀ ਸਹਿਯੋਗ ਦੇ ਨਾਲ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।

