ਮੋਦੀ ਵੱਲੋਂ ਹੜ੍ਹ ਪ੍ਰਭਾਵਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ
ਨਵੀਂ ਦਿੱਲੀ, 3 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਸਿੱਕਮ ਦੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਅਤੇ ਮਨੀਪੁਰ ਦੇ ਰਾਜਪਾਲ ਅਜੈ ਭੱਲਾ ਨਾਲ ਫੋਨ ’ਤੇ ਗੱਲਬਾਤ ਕਰਕੇ ਉੱਤਰ-ਪੂਰਬੀ ਖੇਤਰ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਹੜ੍ਹ ਪ੍ਰਭਾਵਿਤ ਸੂਬਿਆਂ ਨੂੰ ਕੇਂਦਰ ਵੱਲੋਂ ਪੂਰੀ ਮਦਦ ਕਰਨ ਦਾ ਭਰੋਸਾ ਦਿੱਤਾ ਹੈ। ਅਸਾਮ ਦੇ ਮੁੱਖ ਮੰਤਰੀ ਸਰਮਾ ਨੇ ਇਸ ਬਾਰੇ ਐੱਕਸ ’ਤੇ ਕਿਹਾ, ‘ਪ੍ਰਧਾਨ ਮੰਤਰੀ ਨੇ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ’ਤੇ ਚਿੰਤਾ ਪ੍ਰਗਟਾਈ ਅਤੇ ਸਾਡੇ ਰਾਹਤ ਕਾਰਜਾਂ ਲਈ ਕੇਂਦਰ ਸਰਕਾਰ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਹੈ।’ ਇਸ ਦੌਰਾਨ ਅਸਾਮ ਵਿੱਚ ਹੜ੍ਹ ਦੀ ਸਥਿਤੀ ਅੱਜ ਵੀ ਗੰਭੀਰ ਬਣੀ ਹੋਈ ਹੈ। ਸੂਬੇ ਦੇ 20 ਤੋਂ ਵੱਧ ਜ਼ਿਲ੍ਹਿਆਂ ਵਿੱਚ 5.35 ਲੱਖ ਤੋਂ ਵੱਧ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ।
ਮਨੀਪੁਰ ਵਿੱਚ ਅੱਜ ਭਾਰੀ ਮੀਂਹ ਤੋਂ ਬਾਅਦ ਕਈ ਨਦੀਆਂ ਵਿੱਚ ਬੰਨ੍ਹ ਟੁੱਟਣ ਕਾਰਨ 1.64 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਹੜ੍ਹ ਦੇ ਪਾਣੀ ਵਿੱਚ ਵਹਿਣ ਵਾਲੇ ਇੱਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। -ਪੀਟੀਆਈ
ਸਿੱਕਮ: ਤੀਸਤਾ ਨਦੀ ’ਚ ਕਾਰ ਡਿੱਗਣ ਮਗਰੋਂ ਅੱਠ ਸੈਲਾਨੀਆਂ ਦੀ ਭਾਲ
ਗੰਗਟੋਕ: ਸਿੱਕਮ ਵਿੱਚ ਤੀਸਤਾ ਨਦੀ ’ਚ ਕਾਰ ਡਿੱਗਣ ਮਗਰੋਂ ਲਾਪਤਾ ਹੋਏ ਅੱਠ ਸੈਲਾਨੀਆਂ ਦੀ ਭਾਲ ਅੱਜ ਪੰਜਵੇਂ ਦਿਨ ਵੀ ਜਾਰੀ ਰਹੀ। 29 ਮਈ ਦੀ ਰਾਤ ਨੂੰ ਇੱਕ ਕਾਰ, ਜਿਸ ਵਿੱਚ 11 ਵਿਅਕਤੀ ਸਵਾਰ ਸਨ, ਮੰਗਨ ਜ਼ਿਲ੍ਹੇ ਦੇ ਲਾਚੇਨ-ਲਾਚੁੰਗ ਹਾਈਵੇਅ ’ਤੇ ਮੁਨਸ਼ੀਥਾਂਗ ਨੇੜੇ ਨਦੀ ਵਿੱਚ ਡਿੱਗ ਪਏ ਸਨ। ਹਾਦਸੇ ਤੋਂ ਬਾਅਦ ਦੋ ਵਿਅਕਤੀਆਂ ਨੂੰ ਬਚਾਅ ਲਿਆ ਗਿਆ ਸੀ, ਜਦਕਿ ਇੱਕ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਰਾਹਤ ਕਰਮੀਆਂ ਵੱਲੋਂ ਬਾਕੀ ਅੱਠ ਸੈਲਾਨੀਆਂ ਦੀ ਭਾਲ ਕੀਤੀ ਜਾ ਰਹੀ ਹੈ। ਉਧਰ ਉੱਤਰੀ ਸਿੱਕਮ ਵਿੱਚ ਢਿੱਗਾਂ ਡਿੱਗਣ ਕਾਰਨ ਪ੍ਰਭਾਵਿਤ ਛਾਤੇਨ ਖੇਤਰ ’ਚ ਫਸੇ ਫ਼ੌਜੀ ਅਫਸਰਾਂ ਦੇ ਸੱਤ ਪਰਿਵਾਰਕ ਮੈਂਬਰਾਂ ਸਣੇ ਕੁੱਲ 34 ਵਿਅਕਤੀਆਂ ਨੂੰ ਦੋ ਹੈਲੀਕਾਪਟਰਾਂ ਰਾਹੀਂ ਬਾਹਰ ਕੱਢ ਲਿਆ ਗਿਆ ਹੈ। -ਪੀਟੀਆਈ