Meloni Trump Photo Controversy: ਮੈਂ G7 ਦੌਰਾਨ ਟਰੰਪ ਨਾਲ ਫੋਟੋ ਕਰਵਾਉਣ ਲਈ ‘ਮਿੰਨਤਾਂ’ ਨਹੀਂ ਕੀਤੀਆਂ: Meloni
ਟਰੰਪ ਦੇ ਬਿਆਨ ਨੂੰ ਝੂਠਾ ਤੇ ਮਨਘੜਤ ਦੱਸਿਆ; ਇਟਲੀ ਦੇ ਵਿਦੇਸ਼ ਮੰਤਰੀ ਵੱਲੋਂ ਇਟਲੀ ਵਾਸੀਆਂ ਦਾ ਅਪਮਾਨ ਕਹਿੰਦਿਆਂ ਅਮਰੀਕਾ ਦੌਰਾ ਰੱਦ ਕੀਤਾ; G7 ਸੰਮੇਲਨ ਦੌਰਾਨ ਖਿੱਚੀ ਤਸਵੀਰ ਨੂੰ ਲੈ ਕੇ ਛਿੜਿਆ ਵਿਵਾਦ
ਇਟਲੀ ਦੀ ਪ੍ਰਧਾਨ ਮੰਤਰੀ Giorgia Meloni ਅਤੇ ਅਮਰੀਕੀ ਰਾਸ਼ਟਰਪਤੀ Donald Trump ਵਿਚਾਲੇ ਤਣਾਅ ਉਸ ਵੇਲੇ ਹੋਰ ਵਧ ਗਿਆ ਜਦੋਂ ਟਰੰਪ ਦੇ ਇੱਕ ਬਿਆਨ ’ਤੇ ਇਟਲੀ ਨੇ ਸਖ਼ਤ ਇਤਰਾਜ਼ ਜਤਾਇਆ। ਟਰੰਪ ਨੇ ਦਾਅਵਾ ਕੀਤਾ ਸੀ ਕਿ ਹਾਲ ਹੀ ਵਿੱਚ ਹੋਏ G7 ਸੰਮੇਲਨ ਦੌਰਾਨ ਮੇਲੋਨੀ ਨੇ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ “ਮਿੰਨਤਾਂ ਕੀਤੀਆਂ ਸਨ” ਅਤੇ ਉਨ੍ਹਾਂ ਨੇ ਤਰਸ ਖਾ ਕੇ ਫੋਟੋ ਕਰਵਾਈ ਸੀ।
ਮੇਲੋਨੀ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਮਨਘੜਤ ਕਰਾਰ ਦਿੰਦਿਆਂ ਕਿਹਾ ਕਿ ਨਾ ਉਹ ਅਤੇ ਨਾ ਹੀ ਇਟਲੀ ਕਿਸੇ ਅੱਗੇ ਮਿੰਨਤਾਂ ਕਰਦਾ ਹੈ। ਉਨ੍ਹਾਂ ਕਿਹਾ ਕਿ ਟਰੰਪ ਦੀਆਂ ਟਿੱਪਣੀਆਂ ਸੁਣ ਕੇ ਉਹ ਹੈਰਾਨ ਹਨ ਅਤੇ ਇਹ ਸਮਝਣਾ ਮੁਸ਼ਕਲ ਹੈ ਕਿ ਉਹ ਆਪਣੇ ਸਹਿਯੋਗੀਆਂ ਨਾਲ ਅਜਿਹਾ ਵਿਹਾਰ ਕਿਉਂ ਕਰ ਰਹੇ ਹਨ।
ਵਿਵਾਦ ਵਧਣ ਤੋਂ ਬਾਅਦ ਇਟਲੀ ਦੇ ਵਿਦੇਸ਼ ਮੰਤਰੀ Antonio Tajani ਨੇ 21 ਅਤੇ 22 ਜੂਨ ਨੂੰ ਆਪਣਾ ਅਮਰੀਕਾ ਦੌਰਾ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਟਰੰਪ ਦੇ ਬਿਆਨ ਨਾ ਸਿਰਫ਼ ਮੇਲੋਨੀ, ਸਗੋਂ ਪੂਰੇ ਇਟਲੀ ਦਾ ਅਪਮਾਨ ਹਨ।
ਇਸ ਮਾਮਲੇ ‘ਤੇ ਇਟਲੀ ਦੇ ਰਾਸ਼ਟਰਪਤੀ Sergio Mattarella ਸਮੇਤ ਕਈ ਸੀਨੀਅਰ ਆਗੂਆਂ ਨੇ ਮੇਲੋਨੀ ਦੇ ਹੱਕ ਵਿੱਚ ਖੜ੍ਹਦਿਆਂ ਟਰੰਪ ਦੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ। ਰੱਖਿਆ ਮੰਤਰੀ Guido Crosetto ਨੇ ਕਿਹਾ ਕਿ ਉਹ ਕਦੇ ਸੋਚ ਵੀ ਨਹੀਂ ਸਕਦੇ ਕਿ ਮੇਲੋਨੀ ਕਿਸੇ ਕੋਲ ਫੋਟੋ ਲਈ ਬੇਨਤੀ ਕਰੇਗੀ।
Io e l’Italia non imploriamo mai. pic.twitter.com/sTpKlqWB67
— Giorgia Meloni (@GiorgiaMeloni) June 19, 2026
ਇਹ ਵਿਵਾਦ ਉਸ ਸਮੇਂ ਸਾਹਮਣੇ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਮੇਲੋਨੀ ਨੇ G7 ਸੰਮੇਲਨ ਦਾ ਮਾਹੌਲ ਸਕਾਰਾਤਮਕ ਦੱਸਦਿਆਂ ਟਰੰਪ ਨਾਲ ਕਿਸੇ ਵੀ ਤਣਾਅ ਤੋਂ ਇਨਕਾਰ ਕੀਤਾ ਸੀ। ਹੁਣ ਇਸ ਘਟਨਾ ਨੇ ਦੋਵੇਂ ਨੇਤਾਵਾਂ ਅਤੇ ਦੋਵੇਂ ਦੇਸ਼ਾਂ ਵਿਚਾਲੇ ਰਿਸ਼ਤਿਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

