ਭਾਰਤ ਸਣੇ ਦੁਨੀਆ ਦੇ ਬਾਜ਼ਾਰ ਮੂਧੇ ਮੂੰਹ ਡਿੱਗੇ
ਮੁੰਬਈ, 7 ਅਪਰੈਲ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਲਾਏ ਗਏ ਟੈਕਸਾਂ ਕਾਰਨ ਵਪਾਰ ਜੰਗ ਵਧਣ ਦੇ ਖ਼ਦਸ਼ੇ ਦਰਮਿਆਨ ਸੋਮਵਾਰ ਨੂੰ ਭਾਰਤ ਸਮੇਤ ਦੁਨੀਆ ਭਰ ਦੇ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਗਏ। ਭਾਰਤੀ ਸ਼ੇਅਰ ਬਾਜ਼ਾਰ ’ਚ ਬੀਐੱਸਈ ਸੈਂਸੈਕਸ 2,226.79 ਅੰਕ ਅਤੇ ਐੱਨਐੱਸਈ ਦਾ ਨਿਫਟੀ 743 ਅੰਕ ਡਿੱਗ ਗਏ। ਪਿਛਲੇ 10 ਮਹੀਨਿਆਂ ’ਚ ਇਹ ਸ਼ੇਅਰ ਬਾਜ਼ਾਰ ’ਚ ਸਭ ਤੋਂ ਵੱਡੀ ਗਿਰਾਵਟ ਹੈ। ਬਾਜ਼ਾਰ ’ਚ ਨਿਵੇਸ਼ਕਾਂ ਦੇ 14 ਲੱਖ ਕਰੋੜ ਰੁਪਏ ਡੁੱਬ ਗਏ ਹਨ। ਸੈਂਸੈਕਸ ਲਗਾਤਾਰ ਤੀਜੇ ਦਿਨ 2,226.79 ਅੰਕ ਯਾਨੀ 2.95 ਫ਼ੀਸਦ ਦੇ ਨੁਕਸਾਨ ਨਾਲ 73,137.90 ਅੰਕਾਂ ’ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਇਹ 3,939.68 ਅੰਕ ਯਾਨੀ 5.22 ਫ਼ੀਸਦ ਤੱਕ ਡਿੱਗ ਗਿਆ ਸੀ। ਨਿਫਟੀ ਵੀ 742.85 ਅੰਕ ਯਾਨੀ 3.24 ਫ਼ੀਸਦ ਟੁੱਟ ਕੇ 22,161.60 ਅੰਕਾਂ ’ਤੇ ਬੰਦ ਹੋਇਆ। ਇਕ ਸਮੇਂ ਨਿਫਟੀ 1,160.8 ਅੰਕ ਹੇਠਾਂ ਡਿੱਗ ਗਿਆ ਸੀ। ਹਿੰਦੁਸਤਾਨ ਲੀਵਰ ਨੂੰ ਛੱਡ ਕੇ ਸੈਂਸੈਕਸ ’ਚ ਸ਼ਾਮਲ ਸਾਰੇ ਸ਼ੇਅਰ ਨੁਕਸਾਨ ’ਚ ਰਹੇ। ਟਾਟਾ ਸਟੀਲ ’ਚ ਸਭ ਤੋਂ ਜ਼ਿਆਦਾ 7.33 ਫ਼ੀਸਦ ਦੀ ਗਿਰਾਵਟ ਆਈ ਜਦਕਿ ਐੱਲਐਂਡਟੀ 5.78 ਫ਼ੀਸਦ ਦੇ ਨੁਕਸਾਨ ’ਚ ਰਿਹਾ। ਇਸ ਤੋਂ ਇਲਾਵਾ ਟਾਟਾ ਮੋਟਰਜ਼, ਕੋਟਕ ਮਹਿੰਦਰਾ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਇਨਫੋਸਿਸ, ਐਕਸਿਸ ਬੈਂਕ, ਆਈਸੀਆਈਸੀਆਈ ਬੈਂਕ, ਐੱਚਸੀਐੱਲ ਟੈਕਨੋਲੋਜੀਜ਼ ਅਤੇ ਐੱਚਡੀਐੱਫਸੀ ਬੈਂਕ ਦੇ ਸ਼ੇਅਰ ਵੀ ਹੇਠਾਂ ਆਏ। ਬੀਐੱਸਈ ’ਚ 3,515 ਸ਼ੇਅਰਾਂ ’ਚ ਗਿਰਾਵਟ ਦਰਜ ਹੋਈ ਜਦਕਿ 570 ਲਾਭ ’ਚ ਰਹੇ। ਕੁੱਲ 775 ਸ਼ੇਅਰ 52 ਹਫ਼ਤੇ ਦੇ ਹੇਠਲੇ ਪੱਧਰ ਜਦਕਿ 59 ਕੰਪਨੀਆਂ ਦੇ ਸ਼ੇਅਰ 52 ਹਫ਼ਤੇ ਦੇ ਉਪਰਲੇ ਪੱਧਰ ’ਤੇ ਰਹੇ। ਏਸ਼ੀਆ ਦੇ ਹੋਰ ਬਾਜ਼ਾਰਾਂ ’ਚ ਹਾਂਗਕਾਂਗ ਦਾ ਹੈਂਗਸੇਂਗ 13 ਫ਼ੀਸਦ ਤੋਂ ਵੱਧ ਡਿੱਗਿਆ। ਜਪਾਨ ਦਾ ਨਿਕੇਈ 225 ਕਰੀਬ ਅੱਠ ਫ਼ੀਸਦ, ਸ਼ੰਘਾਈ ਐੱਸਐੱਸਈ ਕੰਪੋਜ਼ਿਟ ਸੱਤ ਫ਼ੀਸਦ ਅਤੇ ਦੱਖਣੀ ਕੋਰੀਆ ਦਾ ਕੋਸਪੀ 5 ਫ਼ੀਸਦ ਤੋਂ ਵੱਧ ਨੁਕਸਾਨ ’ਚ ਰਹੇ। ਯੂਰਪ ਦੇ ਪ੍ਰਮੁੱਖ ਬਾਜ਼ਾਰਾਂ ’ਚ ਵੀ ਭਾਰੀ ਵੇਚ-ਵੱਟ ਦਾ ਦਬਾਅ ਰਿਹਾ ਅਤੇ ਦੁਪਹਿਰ ਦੇ ਕਾਰੋਬਾਰ ਦੌਰਾਨ ਇਸ ’ਚ ਛੇ ਫ਼ੀਸਦ ਤੱਕ ਦੀ ਗਿਰਾਵਟ ਰਹੀ। ਇਸੇ ਤਰ੍ਹਾਂ ਜਰਮਨੀ ਦਾ ਡਾਕਸ 6.5 ਫ਼ੀਸਦ ਡਿੱਗ ਕੇ 19,311.29 ’ਤੇ ਪਹੁੰਚ ਗਿਆ। ਪੈਰਿਸ ’ਚ ਸੀਏਸੀ40, 5.7 ਫ਼ੀਸਦ ਦੀ ਗਿਰਾਵਟ ਨਾਲ 6,861.27 ’ਤੇ ਪਹੁੰਚ ਗਿਆ ਜਦਕਿ ਬ੍ਰਿਟੇਨ ਦਾ ਐੱਫਟੀਐੱਸਈ100 ਸਾਢੇ ਚਾਰ ਫ਼ੀਸਦੀ ਦੇ ਨੁਕਸਾਨ ’ਚ ਰਿਹਾ। ਅਮਰੀਕੀ ਬਾਜ਼ਾਰ ’ਚ ਸ਼ੁੱਕਰਵਾਰ ਨੂੰ ਤੇਜ਼ ਗਿਰਾਵਟ ਆਈ ਸੀ। ਐੱਸਐਂਡਪੀ-500, 5.97 ਫ਼ੀਸਦ ਡਿੱਗ ਗਿਆ ਸੀ ਜਦਕਿ ਨਸਦਕ ਕੰਪੋਜ਼ਿਟ 5.82 ਫ਼ੀਸਦ ਅਤੇ ਡਾਓ 5.50 ਫ਼ੀਸਦ ਨੁਕਸਾਨ ’ਚ ਰਹੇ ਸਨ। ਅਮਰੀਕੀ ਬਾਜ਼ਾਰ ’ਚ ਅੱਗੇ ਵੀ ਗਿਰਾਵਟ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। -ਪੀਟੀਆਈ
ਟਰੰਪ ਨੇ ਭਰਮ ਤੋਂ ਪਰਦਾ ਹਟਾਇਆ, ਕਿਤੇ ਨਜ਼ਰ ਨਹੀਂ ਆ ਰਹੇ ਮੋਦੀ: ਰਾਹੁਲ
ਨਵੀਂ ਦਿੱਲੀ: ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਦਰਮਿਆਨ ਸੋਮਵਾਰ ਨੂੰ ਦਾਅਵਾ ਕੀਤਾ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਰਮ ਤੋਂ ਪਰਦਾ ਹਟਾ ਦਿੱਤਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਤੇ ਨਜ਼ਰ ਨਹੀਂ ਆ ਰਹੇ ਹਨ। ਕਾਂਗਰਸ ਆਗੂ ਨੇ ‘ਐਕਸ’ ’ਤੇ ਕਿਹਾ ਕਿ ਭਾਰਤ ਨੂੰ ਹਕੀਕਤ ਸਵੀਕਾਰ ਕਰਨੀ ਹੋਵੇਗੀ ਅਤੇ ਉਤਪਾਦਨ ਆਧਾਰਿਤ ਅਰਥਚਾਰਾ ਬਣਾਉਣ ’ਤੇ ਧਿਆਨ ਦੇਣਾ ਹੋਵੇਗਾ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਇਸ ’ਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮੋਦੀ ਅਤੇ ਟਰੰਪ ਖੁਦ ਨੂੰ ਵਧੀਆ ਦੋਸਤ ਦੱਸਦੇ ਹਨ ਪਰ ਦੋਵੇਂ ਹੀ ਆਗੂ ਆਪਣੇ ਅਰਥਚਾਰਿਆਂ ਨੂੰ ਖੁਦ ਹੀ ਨੁਕਸਾਨ ਪਹੁੰਚਾਉਣ ’ਚ ਮਾਹਿਰ ਹਨ। -ਪੀਟੀਆਈ
ਕੌੜੀ ਦਵਾਈ ਵਰਗੇ ਟੈਕਸ ਵਾਪਸ ਨਹੀਂ ਲਵਾਂਗਾ: ਟਰੰਪ
ਵੈਸਟ ਪਾਮ ਬੀਚ (ਫਲੋਰਿਡਾ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਟੈਕਸ ਕੌੜੀ ਦਵਾਈ ਕਰਾਰ ਦਿੰਦਿਆਂ ਉਨ੍ਹਾਂ ਨੂੰ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਟਰੰਪ ਨੇ ਕਿਹਾ ਹੈ ਕਿ ਉਹ ਉਦੋਂ ਤੱਕ ਇਸ ਫ਼ੈਸਲੇ ਤੋਂ ਪਿਛਾਂਹ ਨਹੀਂ ਹਟਣਗੇ ਜਦੋਂ ਤੱਕ ਕਿ ਦੂਜੇ ਮੁਲਕ ਅਮਰੀਕਾ ਨਾਲ ਆਪਣੇ ਵਪਾਰ ਨੂੰ ਇਕਸਾਰ ਨਹੀਂ ਕਰ ਲੈਂਦੇ ਹਨ। ਟਰੰਪ ਵੱਲੋਂ ਦਰਾਮਦ ਵਸਤਾਂ ’ਤੇ ਲਾਇਆ ਗਿਆ ਵਾਧੂ ਟੈਕਸ ਬੁੱਧਵਾਰ ਤੋਂ ਵਸੂਲਿਆ ਜਾਵੇਗਾ। ‘ਏਅਰ ਫੋਰਸ ਵਨ’ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਆਲਮੀ ਬਾਜ਼ਾਰ ਡਿੱਗਣ ਪਰ ਤੁਸੀਂ ਦੇਖ ਰਹੇ ਹੋ ਕਿ ਬਾਜ਼ਾਰ ’ਚ ਵੱਡੇ ਪੱਧਰ ’ਤੇ ਵੇਚ-ਵੱਟ ਵੀ ਹੋ ਰਹੀ ਹੈ। ਉਨ੍ਹਾਂ ਕਿਹਾ, ‘‘ਕਈ ਵਾਰ ਤੁਹਾਨੂੰ ਕਿਸੇ ਚੀਜ਼ ਜਾਂ ਬਿਮਾਰੀ ਨੂੰ ਠੀਕ ਕਰਨ ਲਈ ਦਵਾਈ ਲੈਣੀ ਪੈਂਦੀ ਹੈ। ਟੈਕਸ ਲਗਾਉਣ ਦਾ ਫ਼ੈਸਲਾ ਵੀ ਠੀਕ ਉਸੇ ਦਵਾਈ ਵਰਗਾ ਹੀ ਹੈ।’’ ਟਰੰਪ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਦੁਨੀਆ ਭਰ ਦੇ ਬਾਜ਼ਾਰ ਡਿੱਗ ਰਹੇ ਹਨ। ਟਰੰਪ ਦੇ ਸਹਾਇਕਾਂ ਨੇ ਕਿਹਾ ਕਿ 50 ਤੋਂ ਵੱਧ ਮੁਲਕਾਂ ਨੇ ਟੈਕਸ ਹਟਾਉਣ ਜਾਂ ਉਸ ਬਾਰੇ ਗੱਲਬਾਤ ਕਰਨ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਹੈ। ਟਰੰਪ ਨੇ ਕਿਹਾ, ‘‘ਮੈਂ ਯੂਰਪ, ਏਸ਼ੀਆ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਆਗੂਆਂ ਨਾਲ ਗੱਲਬਾਤ ਕੀਤੀ ਹੈ। ਉਹ ਸਮਝੌਤਾ ਕਰਨ ਲਈ ਤੜਫ ਰਹੇ ਹਨ। ਅਸੀਂ ਤੁਹਾਡੇ ਮੁਲਕ ਨਾਲ ਘਾਟੇ ਦਾ ਸੌਦਾ ਨਹੀਂ ਕਰਾਂਗੇ ਕਿਉਂਕਿ ਮੇਰੇ ਲਈ ਘਾਟਾ ਵੱਡਾ ਨੁਕਸਾਨ ਹੈ। ਸਾਨੂੰ ਵਾਧੂ ਲਾਭ ਹੋਵੇਗਾ ਜਾਂ ਫਿਰ ਮਾੜੇ ਹਾਲਾਤ ’ਚ ਅਸੀਂ ਬਰਾਬਰੀ ’ਤੇ ਪਹੁੰਚ ਜਾਵਾਂਗੇ।’’ ਅਮਰੀਕਾ ਦੇ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਗ਼ੈਰਵਾਜਿਬ ਵਪਾਰ ਅਮਲ ਅਜਿਹੀਆਂ ਗੱਲਾਂ ਨਹੀਂ ਹਨ ਜਿਸ ’ਤੇ ਤੁਸੀਂ ਕੁਝ ਦਿਨਾਂ ਜਾਂ ਹਫ਼ਤਿਆਂ ’ਚ ਗੱਲਬਾਤ ਕਰਕੇ ਸਮਝੌਤਾ ਕਰ ਸਕੋ। ਉਨ੍ਹਾਂ ਕਿਹਾ ਕਿ ਅਮਰੀਕਾ ਦੇਖ ਰਿਹਾ ਹੈ ਕਿ ਹੋਰ ਮੁਲਕ ਕੀ ਪੇਸ਼ਕਸ਼ ਕਰਦੇ ਹਨ ਅਤੇ ਕੀ ਇਹ ਸੌਦਾ ਭਰੋਸੇਮੰਦ ਹੈ। ਫਲੋਰਿਡਾ ’ਚ ਗੋਲਫ ਖੇਡ ਕੇ ਹਫ਼ਤੇ ਦੇ ਆਖਰੀ ਦਿਨ ਬਿਤਾਉਣ ਵਾਲੇ ਟਰੰਪ ਨੇ ਆਨਲਾਈਨ ਪੋਸਟ ਕੀਤਾ, ‘‘ਅਸੀਂ ਜਿੱਤਾਂਗੇ। ਹੌਸਲਾ ਰੱਖੋ, ਇਹ ਸੌਖਾ ਨਹੀਂ ਹੋਵੇਗਾ।’’ ਉਨ੍ਹਾਂ ਦੇ ਕੈਬਨਿਟ ਮੰਤਰੀ ਅਤੇ ਆਰਥਿਕ ਸਲਾਹਕਾਰ ਐਤਵਾਰ ਨੂੰ ਟੈਕਸ ਲਗਾਏ ਜਾਣ ਦਾ ਬਚਾਅ ਕਰਦੇ ਰਹੇ। -ਏਪੀ