ਪਾਕਿ ਦੇ ਸਿੰਧ ਸੂਬੇ ’ਚ ਲਸ਼ਕਰ ਦਹਿਸ਼ਤਗਰਦ ਰਜ਼ਾਉੱਲ੍ਹਾ ਨਿਜ਼ਾਮਾਨੀ ਖਾਲਿਦ ਦੀ ਹੱਤਿਆ
ਨਵੀਂ ਦਿੱਲੀ, 18 ਮਈ
ਲਸ਼ਕਰ-ਏ-ਤਇਬਾ ਦੇ ਦਹਿਸ਼ਤਗਰਦ ਰਜ਼ਾਉੱਲ੍ਹਾ ਨਿਜ਼ਾਮਾਨੀ ਖਾਲਿਦ ਉਰਫ਼ ਅਬੂ ਸੈਫਉਲ੍ਹਾ ਖਾਲਿਦ ਦੀ ਤਿੰਨ ਅਣਪਛਾਤੇ ਬੰਦੂਕਧਾਰੀਆਂ ਨੇ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਹਮਲੇ ਨੂੰ ਨਿੱਜੀ ਰੰਜਿਸ਼ ਦਾ ਸਿੱਟਾ ਦੱਸਿਆ ਜਾ ਰਿਹਾ ਹੈ। ਖਾਲਿਦ 2006 ਵਿਚ ਆਰਐੱਸਐੱਸ ਹੈੱਡਕੁਆਰਟਰ ’ਤੇ ਹੋਏ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਸੀ। ਖਾਲਿਦ 2000 ਦੇ ਸ਼ੁਰੂ ਵਿਚ ਨੇਪਾਲ ’ਚ ਲਸ਼ਕਰ ਦੇ ਦਹਿਸ਼ਤੀ ਅਪਰੇਸ਼ਨਾਂ ਦਾ ਮੁਖੀ ਸੀ। ਉਹ ਭਾਰਤ ਵਿਚ ਕਈ ਦਹਿਸ਼ਤੀ ਹਮਲਿਆਂ ਵਿਚ ਵੀ ਸ਼ੁਮਾਰ ਸੀ।
ਅਧਿਕਾਰੀਆਂ ਨੇ ਕਿਹਾ ਕਿ ਖਾਲਿਦ ਅੱਜ ਦੁਪਹਿਰੇ ਮਾਤਲੀ ਵਿਚ ਆਪਣੇ ਘਰੋਂ ਨਿਕਲਿਆਂ ਤੇ ਹਥਿਆਰਬੰਦ ਹਮਲਾਵਰਾਂ ਨੇ ਸਿੰਧ ਸੂਬੇ ਵਿਚ ਬਦਨੀ ਦੇ ਇਕ ਚੌਰਾਹੇ ਉੱਤੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਲਸ਼ਕਰ ਦੇ ਅਬੂ ਅਨਸ ਦੇ ਨੇੜਲਿਆਂ ’ਚੋਂ ਇਕ, ਖਾਲਿਦ ਰਾਸ਼ਟਸੀ ਸਵੈਮਸੇਵਕ ਸੰਘ ਦੇ ਨਾਗਪੁਰ ਵਿਚਲੇ ਹੈੱਡਕੁਆਰਟਰ ’ਤੇ ਹੋਏ ਹਮਲੇ ਦਾ ਸਾਜ਼ਿਸ਼ਘਾੜਾ ਸੀ। ਉਂਝ ਇਸ ਹਮਲੇ ਵਿਚ ਤਿੰਨਾਂ ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਗਿਆ ਸੀ।
ਖਾਲਿਦ 2005 ਵਿਚ ਬੰਗਲੂਰੂ ਵਿਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਉੱਤੇ ਹੋਏ ਦਹਿਸ਼ਤੀ ਹਮਲੇ ਵਿਚ ਸ਼ਾਮਲ ਸੀ, ਜਿਸ ਵਿਚ ਆਈਆਈਟੀ ਪ੍ਰੋਫੈਸਰ ਮੁਨੀਸ਼ ਚੰਦਰ ਪੁਰੀ ਦੀ ਮੌਤ ਤੇ ਚਾਰ ਹੋਰ ਜ਼ਖ਼ਮੀ ਹੋ ਗਏ ਸਨ। ਖਾਲਿਦ ਦੀ 2008 ਵਿਚ ਯੂਪੀ ਦੇ ਰਾਮਪੁਰ ਵਿਚ ਸੀਆਰਪੀਐੱਫ ਕੈਂਪ ’ਤੇ ਹਮਲੇ ਵਿਚ ਵੀ ਸ਼ਮੂਲੀਅਤ ਸੀ, ਜਿਸ ਵਿਚ ਸੱਤ ਜਵਾਨ ਸ਼ਹੀਦ ਹੋ ਗਏ ਸਨ ਤੇ ਇਕ ਆਮ ਨਾਗਰਿਕ ਦੀ ਜਾਨ ਜਾਂਦੀ ਰਹੀ ਸੀ । ਹਮਲੇ ਵਿਚ ਸ਼ਾਮਲ ਦੋਵੇਂ ਦਹਿਸ਼ਤਗਰਦ ਰਾਤ ਦੇ ਹਨੇਰੇ ਦਾ ਲਾਹ ਲੈਂਦਿਆਂ ਭੱਜਣ ਵਿਚ ਸਫ਼ਲ ਰਹੇ ਸਨ। -ਪੀਟੀਆਈ