Karachi Mall Fire: 72 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ 11 ਸਾਲਾ ਬੱਚੇ 'ਤੇ ਚੱਲੇਗਾ ਮੁਕੱਦਮਾ
ਪ੍ਰੌਸੀਕਿਊਸ਼ਨ ਦੇ ਕਈ ਗਵਾਹ ਆਪਣੇ ਬਿਆਨ ਕਰਵਾ ਚੁੱਕੇ ਹਨ ਦਰਜ
ਪਾਕਿਸਤਾਨ ਦੇ ਕਰਾਚੀ ਵਿੱਚ ਜਨਵਰੀ ਮਹੀਨੇ ਇੱਕ ਸ਼ਾਪਿੰਗ ਕੰਪਲੈਕਸ ਵਿੱਚ ਭਿਆਨਕ ਅੱਗ ਲੱਗ ਗਈ ਸੀ। ਇਸ ਦੌਰਾਨ 72 ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਅਦਾਲਤ ਵਿੱਚ ਦਾਖ਼ਲ ਕੀਤੀ ਗਈ ਚਾਰਜਸ਼ੀਟ (ਦੋਸ਼ ਪੱਤਰ) ਵਿੱਚ ਇੱਕ 11 ਸਾਲ ਦੇ ਬੱਚੇ ਦਾ ਨਾਂ ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਉੱਤੇ ਹੁਣ ਕੋਰਟ ਵਿੱਚ ਮੁਕੱਦਮਾ ਚੱਲੇਗਾ।
ਕਰਾਚੀ ਦੇ ਵਪਾਰਕ ਖੇਤਰ ਸਦਰ ਵਿੱਚ ਐੱਮ ਏ ਜਿੰਨਾ ਰੋਡ 'ਤੇ ਸਥਿਤ 'ਗੁਲ ਪਲਾਜ਼ਾ' ਸ਼ਾਪਿੰਗ ਕੰਪਲੈਕਸ ਵਿੱਚ 17 ਜਨਵਰੀ ਨੂੰ ਭਿਆਨਕ ਅੱਗ ਲੱਗ ਗਈ ਸੀ। ਅੱਗ 'ਤੇ ਕਾਬੂ ਪਾਉਣ ਵਿੱਚ ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਬਚਾਅ ਟੀਮ ਨੂੰ ਇੱਕ ਹਫ਼ਤੇ ਦਾ ਸਮਾਂ ਲੱਗਿਆ ਸੀ।
ਸ਼ਨਿੱਚਰਵਾਰ ਨੂੰ ਦਾਖ਼ਲ ਕੀਤੀ ਚਾਰਜਸ਼ੀਟ ਵਿੱਚ 11 ਸਾਲਾ ਬੱਚੇ, ਉਸ ਦੇ ਪਿਤਾ ਅਤੇ ਚਾਰ ਹੋਰ ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ। ਅੱਗ ਲੱਗਣ ਤੋਂ ਬਾਅਦ ਤੋਂ ਹੀ ਸਾਰੇ ਮੁਲਜ਼ਮ ਫ਼ਰਾਰ ਹਨ।
ਪ੍ਰੌਸੀਕਿਊਸ਼ਨ ਦੇ ਗਵਾਹਾਂ ਅਨੁਸਾਰ, ਪਿਤਾ ਦੀ ਗੈਰ-ਹਾਜ਼ਰੀ ਵਿੱਚ ਇਹ ਬੱਚਾ ਸ਼ਾਪਿੰਗ ਕੰਪਲੈਕਸ ਵਿੱਚ ਆਰਟੀਫੀਸ਼ੀਅਲ ਫੁੱਲਾਂ ਦੀ ਦੁਕਾਨ ਸੰਭਾਲ ਰਿਹਾ ਸੀ। ਇਸ ਦੌਰਾਨ ਕਥਿਤ ਤੌਰ 'ਤੇ ਮਾਚਿਸ ਦੀਆਂ ਤੀਲੀਆਂ ਨਾਲ ਖੇਡਦੇ ਸਮੇਂ ਅੱਗ ਲੱਗ ਗਈ।
ਜ਼ਿਲ੍ਹਾ ਲੋਕ ਸਰਕਾਰੀ ਵਕੀਲ ਅਬਦੁਲ ਰੱਜ਼ਾਕ ਗੁੱਜਰ ਨੇ ਕਿਹਾ ਕਿ ਚਾਰਜਸ਼ੀਟ ਵਿੱਚ ਨਾਮਜ਼ਦ ਹੋਰ ਮੁਲਜ਼ਮਾਂ ਦੇ ਨਾਲ ਇਸ ਬੱਚੇ 'ਤੇ ਵੀ ਅਦਾਲਤ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਹੋਰ ਮੁਲਜ਼ਮਾਂ ਵਿੱਚ ਗੁਲ ਪਲਾਜ਼ਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਤਨਵੀਰ ਪਾਸਤਾ, ਅਮਰ ਇਸਮਾਈਲ, ਮੁਹੰਮਦ ਰਮਜ਼ਾਨ ਅਤੇ ਮੁਹੰਮਦ ਅਮੀਨ ਸ਼ਾਮਲ ਹਨ।
ਜਾਂਚ ਅਧਿਕਾਰੀ ਨੇ ਚਾਰਜਸ਼ੀਟ ਵਿੱਚ ਪ੍ਰੌਸੀਕਿਊਸ਼ਨ ਦੇ 42 ਗਵਾਹਾਂ ਨੂੰ ਸੂਚੀਬੱਧ ਕੀਤਾ ਹੈ। ਚਾਰਜਸ਼ੀਟ ਦੇ ਅਨੁਸਾਰ, ਇਸ ਅਗਨਕਾਂਡ ਵਿੱਚ 72 ਲੋਕਾਂ ਦੀ ਮੌਤ ਹੋਈ, ਅੱਠ ਹੋਰ ਜ਼ਖਮੀ ਹੋਏ ਅਤੇ 1,153 ਦੁਕਾਨਾਂ ਸੜ ਕੇ ਸੁਆਹ ਹੋ ਗਈਆਂ।
ਗੁੱਜਰ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕਰਨ ਵਾਲੇ ਜੁਡੀਸ਼ੀਅਲ ਕਮਿਸ਼ਨ ਦੀ ਰਿਪੋਰਟ ਬਾਅਦ ਵਿੱਚ ਅਦਾਲਤ 'ਚ ਪੇਸ਼ ਕੀਤੀ ਜਾਵੇਗੀ।
ਚਾਰਜਸ਼ੀਟ ਦੇ ਅਨੁਸਾਰ, ਪ੍ਰੌਸੀਕਿਊਸ਼ਨ ਦੇ ਕਈ ਗਵਾਹ ਆਪਣੇ ਬਿਆਨ ਦਰਜ ਕਰਵਾ ਚੁੱਕੇ ਹਨ। ਇਨ੍ਹਾਂ ਵਿੱਚੋਂ ਇੱਕ 13 ਸਾਲਾ ਬੱਚੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਗੁਲ ਪਲਾਜ਼ਾ ਵਿੱਚ ਆਪਣੇ ਦੋਸਤ ਦੀ ਦੁਕਾਨ 'ਤੇ ਮੌਜੂਦ ਸੀ ਜੋ ਮਾਚਿਸ ਦੀਆਂ ਤੀਲੀਆਂ ਨਾਲ ਖੇਡ ਰਿਹਾ ਸੀ, ਉਦੋਂ ਹੀ ਅਚਾਨਕ ਦੁਕਾਨ ਵਿੱਚ ਅੱਗ ਲੱਗ ਗਈ।
