Israel-Hezbollah Conflict: ਇਜ਼ਰਾਈਲ ਦੇ ਦੱਖਣੀ ਲੈਬਨਾਨ ’ਤੇ ਹਮਲੇ, 4 ਮੌਤਾਂ
ਹਿਜ਼ਬੁੱਲਾ ਦੇ ਡਰੋਨ ਹਮਲੇ ਵਿੱਚ 2 ਇਜ਼ਰਾਈਲੀ ਫੌਜੀ ਜ਼ਖਮੀ
ਇਜ਼ਰਾਈਲ ਨੇ ਅੱਜ ਦੱਖਣੀ ਲੈਬਨਾਨ 'ਤੇ ਕਈ ਹਵਾਈ ਹਮਲੇ ਕੀਤੇ, ਜਿਨ੍ਹਾਂ ਵਿੱਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ। ਦੂਜੇ ਪਾਸੇ, ਹਥਿਆਰਬੰਦ ਸਮੂਹ ਹਿਜ਼ਬੁੱਲਾ ਨੇ ਦੱਸਿਆ ਕਿ ਉਸ ਨੇ ਰਾਕੇਟ ਅਤੇ ਡਰੋਨ ਦਾਗੇ ਹਨ, ਜਿਨ੍ਹਾਂ ਵਿੱਚੋਂ ਇੱਕ ਉੱਤਰੀ ਇਜ਼ਰਾਈਲ ਵਿੱਚ ਜਾ ਡਿੱਗਿਆ ਅਤੇ ਦੋ ਫੌਜੀ ਜ਼ਖਮੀ ਹੋ ਗਏ। 17 ਅਪਰੈਲ ਤੋਂ ਲਾਗੂ ਜੰਗਬੰਦੀ ਦੇ ਬਾਵਜੂਦ ਇਜ਼ਰਾਈਲੀ ਫੌਜ ਅਤੇ ਹਿਜ਼ਬੁੱਲਾ ਨੇ ਇੱਕ-ਦੂਜੇ 'ਤੇ ਹਮਲੇ ਜਾਰੀ ਰੱਖੇ ਹਨ। ਲੈਬਨਾਨ ਦੀ ਸਰਕਾਰੀ ਨਿਊਜ਼ ਏਜੰਸੀ ਅਨੁਸਾਰ ਦੱਖਣੀ ਲੈਬਨਾਨ ਦੇ ਤਿੰਨ ਪਿੰਡਾਂ ਵਿੱਚ ਹੋਏ ਹਮਲਿਆਂ ਵਿੱਚ ਚਾਰ ਲੋਕ ਮਾਰੇ ਗਏ ਹਨ।
ਇਜ਼ਰਾਈਲੀ ਫੌਜ ਨੇ ਸ਼ੁੱਕਰਵਾਰ ਦੁਪਹਿਰ ਨੂੰ ਨਬਾਤੀਹ ਸ਼ਹਿਰ ਨੇੜੇ ਸਥਿਤ ਹਬੂਸ਼ ਪਿੰਡ ਦੇ ਨਿਵਾਸੀਆਂ ਨੂੰ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਿਜ਼ਬੁੱਲਾ ਦੇ ਟਿਕਾਣਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ। ਇਹ ਚੇਤਾਵਨੀ ਉਸ ਸਮੇਂ ਆਈ ਹੈ ਜਦੋਂ ਬਚਾਅ ਕਰਮਚਾਰੀਆਂ ਨੇ ਕਫਰ ਰੁਮਾਨ ਪਿੰਡ ਵਿੱਚ ਮਲਬੇ ਹੇਠੋਂ ਪੰਜ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਹਨ। ਇਨ੍ਹਾਂ ਵਿੱਚ ਮਲਿਕ ਹਮਜ਼ਾ ਅਤੇ ਉਸ ਦੇ ਤਿੰਨ ਪੁੱਤਰ ਸ਼ਾਮਲ ਸਨ, ਜੋ ਵੀਰਵਾਰ ਰਾਤ ਨੂੰ ਹੋਏ ਹਮਲੇ ਵਿੱਚ ਮਾਰੇ ਗਏ ਸਨ। ਇਸੇ ਹਮਲੇ ਵਿੱਚ ਲੈਬਨਾਨੀ ਫੌਜ ਦਾ ਇੱਕ ਸਿਪਾਹੀ, ਅਲੀ ਜਾਬਰ, ਵੀ ਮਾਰਿਆ ਗਿਆ ਸੀ, ਜਿਸ ਦੀ ਪੁਸ਼ਟੀ ਲੈਬਨਾਨੀ ਫੌਜ ਨੇ ਕੀਤੀ ਹੈ।
ਸ਼ੁੱਕਰਵਾਰ ਦੁਪਹਿਰ ਤੱਕ ਹਿਜ਼ਬੁੱਲਾ ਨੇ ਛੇ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਇਜ਼ਰਾਈਲੀ ਫੌਜੀ ਟਿਕਾਣਿਆਂ 'ਤੇ ਡਰੋਨ ਅਤੇ ਰਾਕੇਟ ਦਾਗੇ ਹਨ। ਇਜ਼ਰਾਈਲੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਲੈਬਨਾਨ ਦੀ ਸਰਹੱਦ ਨੇੜੇ ਉੱਤਰੀ ਇਜ਼ਰਾਈਲ ਵਿੱਚ ਇੱਕ ਵਿਸਫੋਟਕ ਡਰੋਨ ਡਿੱਗਿਆ ਹੈ। ਇਜ਼ਰਾਈਲੀ ਮੀਡੀਆ ਅਨੁਸਾਰ ਮਾਰਗਾਲੀਓਟ ਨੇੜੇ ਹੋਏ ਇਸ ਡਰੋਨ ਹਮਲੇ ਕਾਰਨ ਅੱਗ ਲੱਗ ਗਈ ਅਤੇ ਇੱਕ ਹੋਰ ਡਰੋਨ ਹਮਲੇ ਵਿੱਚ ਦੋ ਫੌਜੀ ਮਾਮੂਲੀ ਜ਼ਖਮੀ ਹੋਏ ਹਨ।
ਜੰਗ ਦੇ ਬਾਵਜੂਦ, ਹਫ਼ਤਿਆਂ ਤੋਂ ਉੱਜੜੇ ਹੋਏ ਦੱਖਣੀ ਲੈਬਨਾਨ ਦੇ ਨਿਵਾਸੀ ਹੌਲੀ-ਹੌਲੀ ਆਪਣੇ ਘਰਾਂ ਨੂੰ ਪਰਤ ਰਹੇ ਹਨ। ਤਇਰ ਸ਼ਹਿਰ ਦੀ ਰਹਿਣ ਵਾਲੀ ਉਮ ਅਲੀ ਖੋਦਰ ਨੇ ਦੱਸਿਆ ਕਿ 2024 ਦੀ ਜੰਗ ਵਿੱਚ ਉਸਦਾ ਘਰ ਨੁਕਸਾਨਿਆ ਗਿਆ ਸੀ ਅਤੇ ਹੁਣ ਮੌਜੂਦਾ ਸੰਘਰਸ਼ ਵਿੱਚ ਫਿਰ ਨੁਕਸਾਨ ਹੋਇਆ ਹੈ। ਉਸਨੇ ਕਿਹਾ ਕਿ ਬਾਹਰ ਕਿਰਾਏ 'ਤੇ ਰਹਿਣਾ ਬਹੁਤ ਮੁਸ਼ਕਲ ਸੀ, ਇਸ ਲਈ ਮਜਬੂਰ ਹੋ ਕੇ ਉਹ ਆਪਣੇ ਖਸਤਾ ਹਾਲ ਘਰ ਵਾਪਸ ਆ ਗਈ ਹੈ।

