Israel ਵੱਲੋਂ Iran ਦੀ ਰਾਜਧਾਨੀ Tehran ਤੇ ਹੋਰ ਸ਼ਹਿਰਾਂ ’ਤੇ ਹਮਲਾ; ਇਰਾਨ ਨੇ ਹਵਾਈ ਖੇਤਰ ਬੰਦ ਕੀਤਾ; ਮੋਬਾਈਲ ਫੋਨ ਸੇਵਾਵਾਂ ਬੰਦ
ਇਜ਼ਰਾਈਲੀ ਹਵਾਈ ਹਮਲੇ ਤੋਂ ਬਾਅਦ ਇਰਾਨ ਜਵਾਬੀ ਹਮਲੇ ਲਈ ਤਿਆਰ; US ਦੀ ਗੱਲਬਾਤ ਦੇ ਦਰਮਿਆਨ ਹੀ ਕੀਤਾ ਹਮਲਾ; ਇਜ਼ਰਾਈਲ ਨੇ ਅਮਰੀਕਾ ਦੇ ਸਹਿਯੋਗ ਨਾਲ ਕੀਤੇ ਹਮਲੇ; ਕਈ ਸ਼ਹਿਰਾਂ ਵਿਚ ਧਮਾਕੇ
ਇਜ਼ਰਾਈਲ ਨੇ ਇਰਾਨ ਦੀ ਰਾਜਧਾਨੀ ਤਹਿਰਾਨ ਤੇ ਹੋਰ ਸ਼ਹਿਰਾਂ ’ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਿਸ ਕਾਰਨ ਕਈ ਥਾਈਂ ਅੱਗ ਲੱਗ ਗਈ। ਇਸ ਵੇਲੇ ਤਹਿਰਾਨ ਤੇ ਹੋਰ ਸ਼ਹਿਰਾਂ ਵਿਚ ਧੂੰਏਂ ਦੇ ਬੱਦਲ ਦੇਖੇ ਜਾ ਰਹੇ ਹਨ। ਇਹ ਹਮਲਾ ਅਮਰੀਕਾ ਨਾਲ ਪ੍ਰਮਾਣੂ ਮਾਮਲੇ ’ਤੇ ਕੀਤੀ ਗਈ ਗੱਲਬਾਤ ਦਰਮਿਆਨ ਹੀ ਕੀਤਾ ਗਿਆ ਹੈ।
ਇਜ਼ਰਾਈਲ ਨੇ ਇਹ ਹਮਲਾ ਅਮਰੀਕਾ ਦੇ ਸਹਿਯੋਗ ਨਾਲ ਕੀਤਾ ਹੈ। ਇਸ ਦੌਰਾਨ ਇਰਾਨ ’ਤੇ ਕਈ ਮਿਜ਼ਾਈਲਾਂ ਦਾਗੀਆਂ ਗਈਆਂ। ਇਸ ਤੋਂ ਬਾਅਦ ਸੁਪਰੀਮ ਆਗੂ ਖਾਮੇਨੇਈ ਨੂੰ ਸੁਰੱਖਿਅਤ ਥਾਂ ’ਤੇ ਭੇਜਿਆ ਗਿਆ ਹੈ। ਇਹ ਹਮਲਾ ਭਾਰਤੀ ਸਮੇਂ ਅਨੁਸਾਰ ਸਵੇਰ ਵੇਲੇ ਕੀਤਾ ਗਿਆ। ਇਸ ਤੋਂ ਬਾਅਦ ਇਰਾਨ ਨੇ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਤੇ ਏਅਰਸਪੇਸ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ। ਇਸ ਦੌਰਾਨ ਖਾਮੇਨੇਈ ਦੇ ਦਫ਼ਤਰ ਨੇੜੇ ਵੀ ਹਮਲਾ ਕੀਤਾ ਗਿਆ। ਇਸ ਦੌਰਾਨ ਕਈ ਸ਼ਹਿਰਾਂ ਵਿਚ ਧਮਾਕੇ ਸੁਣਾਈ ਦਿੱਤੇ।
ਅਮਰੀਕਾ ਤੇ ਇਜ਼ਰਾਈਲ ਵਲੋਂ ਕੀਤੇ ਗਏ ਹਮਲਿਆਂ ਤੋਂ ਬਾਅਦ ਇਰਾਨ ਨੇ ਕਿਹਾ ਕਿ ਉਹ ਜਵਾਬੀ ਕਾਰਵਾਈ ਲਈ ਤਿਆਰ ਹੈ ਤੇ ਜਲਦੀ ਹੀ ਹਮਲੇ ਕੀਤੇ ਜਾਣਗੇ। ਦੂਜੇ ਪਾਸੇ ਇਰਾਨ ਨੇ ਕਿਹਾ ਕਿ ਹਸਪਤਾਲਾਂ ਨੂੰ ਹਾਈ ਅਲਰਟ ’ਤੇ ਰੱਖ ਦਿੱਤਾ ਗਿਆ ਹੈ ਪਰ ਹਾਲੇ ਤਕ ਜ਼ਖਮੀਆਂ ਦੀ ਗਿਣਤੀ ਬਾਰੇ ਪਤਾ ਨਹੀਂ ਲੱਗ ਸਕਿਆ। ਇਰਾਨੀ ਮੀਡੀਆ ਅਤੇ ਐਸੋਸੀਏਟਡ ਪ੍ਰੈੱਸ (AP) ਦੀਆਂ ਰਿਪੋਰਟਾਂ ਅਨੁਸਾਰ ਇਜ਼ਰਾਈਲ ਨੇ ਇਰਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਇਰਾਨੀ ਸਰੋਤਾਂ ਦਾ ਕਹਿਣਾ ਹੈ ਕਿ ਇਹ ਹਮਲੇ ਸਿਰਫ ਇੱਕ ਇਲਾਕੇ ਤੱਕ ਸੀਮਤ ਨਹੀਂ ਹਨ ਸਗੋਂ ਪੂਰੇ ਦੇਸ਼ ਵਿੱਚ ਕਈ ਮਹੱਤਵਪੂਰਨ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਜ਼ਰਾਈਲ ਵੱਲੋਂ ਕੀਤੀ ਗਈ ਇਸ ਵੱਡੀ ਫ਼ੌਜੀ ਕਾਰਵਾਈ ਨੇ ਖੇਤਰ ਵਿੱਚ ਜੰਗ ਦੇ ਹਾਲਾਤ ਪੈਦਾ ਕਰ ਦਿੱਤੇ ਹਨ ਅਤੇ ਇਰਾਨ ਦੇ ਕਈ ਸ਼ਹਿਰਾਂ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਹਨ।
ਇਰਾਕ ਵਲੋਂ ਹਵਾਈ ਖੇਤਰ ਬੰਦ; ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ
ਇਸ ਦੌਰਾਨ ਇਰਾਨ ਨੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਇਸ ਤੋਂ ਇਲਾਵਾ ਇਰਾਕ ਨੇ ਵੀ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ।
ਇਰਾਨ ਦੇ ਰੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਇਰਾਨ ਖ਼ਿਲਾਫ਼ ਬਚਾਅ ਵਜੋਂ ਮਿਜ਼ਾਈਲ ਹਮਲਾ ਕੀਤਾ ਹੈ। ਇਸ ਹਮਲੇ ਦਾ ਮਕਸਦ ਇਰਾਨ ਵੱਲੋਂ ਹੋਣ ਵਾਲੇ ਕਿਸੇ ਸੰਭਾਵੀ ਖਤਰੇ ਨੂੰ ਰੋਕਣਾ ਦੱਸਿਆ ਜਾ ਰਿਹਾ ਹੈ। ਇਜ਼ਰਾਈਲੀ ਫੌਜ ਨੇ ਸ਼ਨਿਚਰਵਾਰ ਨੂੰ ਪੂਰੇ ਦੇਸ਼ ਵਿੱਚ ਹਵਾਈ ਹਮਲੇ ਦੇ ਸਾਇਰਨ ਵਜਾ ਕੇ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ। ਫੌਜ ਅਨੁਸਾਰ ਇਹ ਕਦਮ ਜਨਤਾ ਨੂੰ ਤਿਆਰ ਰੱਖਣ ਲਈ ਚੁੱਕਿਆ ਗਿਆ ਹੈ ਕਿਉਂਕਿ ਇਜ਼ਰਾਈਲ ਦੇ ਇਸ ਹਮਲੇ ਦੇ ਜਵਾਬ ਵਿੱਚ ਇਰਾਨ ਵੱਲੋਂ ਵੀ ਮਿਜ਼ਾਈਲ ਹਮਲੇ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।
ਇਹ ਹਮਲਾ ਮੱਧ ਪੂਰਬ ਵਿੱਚ ਪਹਿਲਾਂ ਤੋਂ ਹੀ ਚੱਲ ਰਹੇ ਤਣਾਅ ਨੂੰ ਹੋਰ ਵਧਾ ਸਕਦਾ ਹੈ। ਇਜ਼ਰਾਈਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਦੂਜੇ ਪਾਸੇ, ਪੂਰੀ ਦੁਨੀਆ ਦੀ ਨਜ਼ਰ ਹੁਣ ਇਰਾਨ ਦੇ ਅਗਲੇ ਕਦਮ 'ਤੇ ਟਿਕੀ ਹੋਈ ਹੈ। ਕਈ ਦੇਸ਼ਾਂ ਨੇ ਇਸ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ ਕਿਉਂਕਿ ਇਹ ਸਿੱਧਾ ਟਕਰਾਅ ਇੱਕ ਵੱਡੀ ਜੰਗ ਦਾ ਰੂਪ ਲੈ ਸਕਦਾ ਹੈ। ਫਿਲਹਾਲ ਇਜ਼ਰਾਈਲ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਨੇੜੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

