ਇਰਾਨ ਨੇ ਠੱਪ ਪਈ ਸ਼ਾਂਤੀ ਵਾਰਤਾ ਮੁੜ ਸ਼ੁਰੂ ਕਰਨ ਲਈ ਅਮਰੀਕਾ ਨੂੰ ਭੇਜਿਆ ਨਵਾਂ ਪ੍ਰਸਤਾਵ
ਇਰਾਨ ਨੇ ਸ਼ਾਂਤੀ ਵਾਰਤਾ ਵਿੱਚ ਪੈਦਾ ਹੋਈ ਰੁਕਾਵਟ ਨੂੰ ਖਤਮ ਕਰਨ ਦੀ ਕੋਸ਼ਿਸ਼ ਵਜੋਂ ਅਮਰੀਕਾ ਨੂੰ ਇੱਕ ਕਈ ਪੜਾਵਾਂ ਵਾਲਾ ਪ੍ਰਸਤਾਵ ਭੇਜਿਆ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਉੱਚ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।...
ਇਰਾਨ ਨੇ ਸ਼ਾਂਤੀ ਵਾਰਤਾ ਵਿੱਚ ਪੈਦਾ ਹੋਈ ਰੁਕਾਵਟ ਨੂੰ ਖਤਮ ਕਰਨ ਦੀ ਕੋਸ਼ਿਸ਼ ਵਜੋਂ ਅਮਰੀਕਾ ਨੂੰ ਇੱਕ ਕਈ ਪੜਾਵਾਂ ਵਾਲਾ ਪ੍ਰਸਤਾਵ ਭੇਜਿਆ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਉੱਚ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਪਰ ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਪੱਛਮੀ ਏਸ਼ੀਆ ਸੰਘਰਸ਼ ਨੂੰ ਖਤਮ ਕਰਨ ਲਈ ਇਰਾਨ ਦੀ ਨਵੀਂ ਪੇਸ਼ਕਸ਼ ਤੋਂ ਅਜੇ ਵੀ ਸੰਤੁਸ਼ਟ ਨਹੀਂ ਹਨ। ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਅਮਰੀਕਾ ਵੱਲੋਂ ਅਜਿਹੇ ਕਿਸੇ ਵੀ ਸਮਝੌਤੇ ਨੂੰ ਸਵੀਕਾਰ ਕਰਨ ਦੀ ਸੰਭਾਵਨਾ ਨਹੀਂ ਹੈ ਜਿਸ ਵਿੱਚ ਇਰਾਨ ਨੇ ਪਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਦੀ ਪੱਕੀ ਗਰੰਟੀ ਸ਼ਾਮਲ ਨਾ ਕੀਤੀ ਹੋਵੇ।
ਇਸ ਯੋਜਨਾ ਦੇ ਤਿੰਨ ਵੱਡੇ ਹਿੱਸੇ ਹਨ। ਅਧਿਕਾਰੀ ਨੇ ਦੱਸਿਆ, "ਯੋਜਨਾ ਦਾ ਪਹਿਲਾ ਹਿੱਸਾ ਤੁਰੰਤ ਤਣਾਅ ਘਟਾਉਣ ਦੇ ਤਰੀਕਿਆਂ 'ਤੇ ਜ਼ੋਰ ਦਿੰਦਾ ਹੈ।" ਇਰਾਨ ਨੇ ਮਹੱਤਵਪੂਰਨ ਹੋਰਮੁਜ਼ ਜਲਮਾਰਗ (Strait of Hormuz) ਦੇ ਅੰਦਰ ਅਤੇ ਨੇੜੇ-ਤੇੜੇ ਤਣਾਅ ਘੱਟ ਕਰਨ ਦੀ ਇੱਛਾ ਜਤਾਈ ਹੈ, ਪਰ ਸ਼ਰਤ ਇਹ ਹੈ ਕਿ ਅਮਰੀਕਾ ਵੀ ਬਦਲੇ ਵਿੱਚ ਆਪਣੀ ਫੌਜੀ ਮੌਜੂਦਗੀ ਘਟਾਵੇ ਅਤੇ ਇਰਾਨੀ ਤੇਲ ਦੇ ਵਪਾਰ 'ਤੇ ਲੱਗੀਆਂ ਰੋਕਾਂ ਸਮੇਤ ਆਰਥਿਕ ਦਬਾਅ ਨੂੰ ਘੱਟ ਕਰੇ।
ਹੋਰਮੁਜ਼ ਜਲਮਾਰਗ, ਜਿੱਥੋਂ ਦੁਨੀਆ ਦਾ ਲਗਪਗ 20 ਫੀਸਦੀ (ਪੰਜਵਾਂ ਹਿੱਸਾ) ਤੇਲ ਅਤੇ ਗੈਸ ਦਾ ਗੁਜਰਦਾ ਹੈ, ਇਸ ਵੇਲੇ ਗੱਲਬਾਤ ਵਿੱਚ ਸਭ ਤੋਂ ਵੱਡੀ ਰੁਕਾਵਟ ਬਣਿਆ ਹੋਇਆ ਹੈ। ਜੰਗ ਕਾਰਨ ਇਸ ਤੰਗ ਸਮੁੰਦਰੀ ਰਸਤੇ ਰਾਹੀਂ ਹੋਣ ਵਾਲਾ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ, ਜਿਸ ਕਰਕੇ ਤੇਲ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ ਅਤੇ ਕਈ ਦੇਸ਼ਾਂ ਵਿੱਚ ਬਿਜਲੀ ਤੇ ਤੇਲ ਦੀ ਭਾਰੀ ਕਮੀ ਹੋ ਗਈ ਹੈ। ਅਧਿਕਾਰੀ ਮੁਤਾਬਕ, ਇਰਾਨ ਦਾ ਕਹਿਣਾ ਹੈ ਕਿ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਭਰੋਸਾ ਕਾਇਮ ਕਰਨਾ ਬਹੁਤ ਜ਼ਰੂਰੀ ਹੈ।
ਦੂਜੀ ਗੱਲ ਇਹ ਹੈ ਕਿ ਇਰਾਨ ਸਮੁੰਦਰੀ ਵਪਾਰ ਅਤੇ ਤੇਲ ਦੀ ਸਪਲਾਈ ਨੂੰ ਪਰਮਾਣੂ ਮੁੱਦੇ ਤੋਂ ਵੱਖ ਰੱਖਣਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਪਰਮਾਣੂ ਪ੍ਰੋਗਰਾਮ 'ਤੇ ਕੋਈ ਵੀ ਪੱਕਾ ਵਾਅਦਾ ਕਰਨ ਤੋਂ ਪਹਿਲਾਂ ਆਰਥਿਕ ਹਾਲਾਤ ਆਮ ਵਰਗੇ ਹੋਣੇ ਚਾਹੀਦੇ ਹਨ। ਤੀਸਰਾ ਹਿੱਸਾ ਪਰਮਾਣੂ ਮੁੱਦੇ 'ਤੇ "ਸ਼ਰਤਾਂ ਮੁਤਾਬਕ ਨਰਮੀ" ਦਿਖਾਉਣ ਬਾਰੇ ਹੈ। ਅਧਿਕਾਰੀ ਨੇ ਦੱਸਿਆ ਕਿ ਇਰਾਨ ਨੇ ਸ਼ਾਂਤੀਪੂਰਨ ਪਰਮਾਣੂ ਊਰਜਾ ਦੇ ਆਪਣੇ ਹੱਕ ਨੂੰ ਦੁਹਰਾਉਂਦੇ ਹੋਏ ਯੂਰੇਨੀਅਮ ਨੂੰ ਸੰਵਰਧਨ ਦੀ ਹੱਦ ਤੈਅ ਕਰਨ ਅਤੇ ਸਖ਼ਤ ਨਿਗਰਾਨੀ 'ਤੇ ਚਰਚਾ ਕਰਨ ਲਈ ਸਹਿਮਤੀ ਜਤਾਈ ਹੈ ਪਰ ਇਹ ਸਭ ਉਦੋਂ ਹੀ ਹੋਵੇਗਾ ਜੇਕਰ ਇੱਕ ਅਜਿਹਾ ਵੱਡਾ ਸਮਝੌਤਾ ਹੋਵੇ ਜੋ ਪਾਬੰਦੀਆਂ ਤੋਂ ਪੱਕੀ ਰਾਹਤ ਦਿਵਾਉਣ ਦੀ ਗਰੰਟੀ ਦਿੰਦਾ ਹੋਵੇ।
ਇਰਾਨ ਇਹ ਭਰੋਸਾ ਵੀ ਚਾਹੁੰਦਾ ਹੈ ਕਿ ਇਸ ਬਾਰੇ ਜੋ ਵੀ ਸਮਝੌਤਾ ਹੋਵੇ, ਉਹ ਲੰਮੇ ਸਮੇਂ ਤੱਕ ਟਿਕੇ ਅਤੇ ਕੋਈ ਵੀ ਦੇਸ਼ ਆਪਣੀ ਮਰਜ਼ੀ ਨਾਲ ਅਚਾਨਕ ਇਸ ਤੋਂ ਪਿੱਛੇ ਨਾ ਹਟੇ। ਅਧਿਕਾਰੀ ਨੇ ਅੱਗੇ ਦੱਸਿਆ ਕਿ ਇਸ ਪ੍ਰਸਤਾਵ ਵਿੱਚ ਸੁਰੱਖਿਆ ਦੀ ਗਰੰਟੀ ਵੀ ਮੰਗੀ ਗਈ ਹੈ, ਕਿਉਂਕਿ ਤਹਿਰਾਨ ਨੂੰ ਭਵਿੱਖ ਵਿੱਚ ਹੋਣ ਵਾਲੇ ਫੌਜੀ ਹਮਲਿਆਂ ਦਾ ਕਾਫੀ ਡਰ ਹੈ। ਇਰਾਨ ਨੇ ਅਜਿਹੇ ਪੱਕੇ ਵਾਅਦਿਆਂ ਦੀ ਮੰਗ ਕੀਤੀ ਹੈ ਜੋ ਅਮਰੀਕਾ ਜਾਂ ਉਸ ਦੇ ਸਾਥੀ ਦੇਸ਼ਾਂ ਵੱਲੋਂ ਦੁਬਾਰਾ ਕੀਤੇ ਜਾਣ ਵਾਲੇ ਹਮਲਿਆਂ ਜਾਂ ਤਣਾਅ ਨੂੰ ਰੋਕ ਸਕਣ।
ਉੱਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰਤਾ ਵਿਚਾਲੇ ਪਾਕਿਸਤਾਨ ਦੀ ਭੂਮਿਕਾ ਕੋਈ ਵੱਡੇ ਫੈਸਲੇ ਲੈਣ ਵਾਲੀ ਨਹੀਂ, ਸਗੋਂ ਸਿਰਫ ਇੱਕ ਵਿਚੋਲੇ ਵਜੋਂ ਸਹੂਲਤ ਦੇਣ ਵਾਲੀ ਹੈ, ਜਿਸ ਵਿੱਚ ਇਸਲਾਮਾਬਾਦ ਦੋਵਾਂ ਦੇਸ਼ਾਂ ਦੇ ਸੁਨੇਹੇ ਇੱਕ-ਦੂਜੇ ਤੱਕ ਪਹੁੰਚਾ ਰਿਹਾ ਹੈ ਅਤੇ ਅਸਿੱਧੀ ਗੱਲਬਾਤ ਕਰਵਾਉਣ ਦੇ ਤਰੀਕੇ ਲੱਭ ਰਿਹਾ ਹੈ। ਹਾਲਾਂਕਿ ਅਜੇ ਤੱਕ ਕਿਸੇ ਅਧਿਕਾਰਤ ਗੱਲਬਾਤ ਦਾ ਸਮਾਂ ਤੈਅ ਨਹੀਂ ਹੋਇਆ, ਪਰ ਇਹ ਮੰਨਿਆ ਜਾ ਰਿਹਾ ਹੈ ਕਿ ਜੇਕਰ ਅਮਰੀਕਾ ਅਤੇ ਇਰਾਨ ਵਿਚਾਲੇ ਸ਼ੁਰੂਆਤੀ ਸਹਿਮਤੀ ਬਣ ਜਾਂਦੀ ਹੈ, ਤਾਂ ਦੋਵੇਂ ਧਿਰਾਂ ਇਸਲਾਮਾਬਾਦ ਵਿੱਚ ਮੀਟਿੰਗ ਕਰਨ ਤੋਂ ਇਨਕਾਰ ਨਹੀਂ ਕਰਨਗੀਆਂ।

