ਇਰਾਨ: ਹਿੰਸਕ ਪ੍ਰਦਰਸ਼ਨਾਂ ’ਚ ਮੌਤਾਂ ਦੀ ਗਿਣਤੀ ਵੱਧ ਕੇ 10 ਹੋਈ
ਟਰੰਪ ਦੇ ਬਿਆਨ ਤੋਂ ਅੌਖਾ ਹੋਇਆ ਇਰਾਨ / ਮੱਧ-ਪੂਰਬ ’ਚ ਅਮਰੀਕੀ ਜਵਾਨਾਂ ਨੂੰ ਨਿਸ਼ਾਨਾ ਬਣਾੳੁਣ ਦੀ ਧਮਕੀ
ਇਰਾਨ ’ਚ ਆਰਥਿਕ ਮੰਦੀ ਦੇ ਵਿਰੋਧ ’ਚ ਹਿੰਸਕ ਪ੍ਰਦਰਸ਼ਨਾਂ ਦੌਰਾਨ ਦੋ ਹੋਰ ਵਿਅਕਤੀਆਂ ਦੇ ਮਾਰੇ ਜਾਣ ਨਾਲ ਮੌਤਾਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਨੂੰ ਚਿਤਾਵਨੀ ਦਿੱਤੇ ਜਾਣ ਮਗਰੋਂ ਦੋ ਹੋਰ ਮੌਤਾਂ ਹੋਈਆਂ ਹਨ। ਇਰਾਨ ਨੇ ਵੀ ਕਿਹਾ ਹੈ ਕਿ ਜੇ ਅਮਰੀਕਾ ਨੇ ਕੋਈ ਕਾਰਵਾਈ ਕੀਤੀ ਤਾਂ ਉਹ ਵੀ ਮੱਧ-ਪੂਰਬ ’ਚ ਅਮਰੀਕੀ ਫ਼ੌਜ ਨੂੰ ਨਿਸ਼ਾਨਾ ਬਣਾਉਣਗੇ। ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਆਂ ਨੇ ਸੰਕੇਤ ਦਿੱਤੇ ਹਨ ਕਿ ਉਹ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹਨ।
ਸ਼ਨਿਚਰਵਾਰ ਤੜਕੇ ਦੇਸ਼ ਦੇ ਸ਼ੀਆ ਮਦਰਸਿਆਂ ਦੇ ਕੇਂਦਰ ਕੋਮ ਸ਼ਹਿਰ ’ਚ ਗ੍ਰਨੇਡ ਧਮਾਕਾ ਹੋਇਆ ਜਿਸ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਸੁਰੱਖਿਆ ਅਧਿਕਾਰੀਆਂ ਮੁਤਾਬਕ ਵਿਅਕਤੀ ਸ਼ਹਿਰ ’ਚ ਲੋਕਾਂ ’ਤੇ ਹਮਲਾ ਕਰਨ ਦੇ ਇਰਾਦੇ ਨਾਲ ਆਇਆ ਸੀ। ਆਨਲਾਈਨ ਵੀਡੀਓਜ਼ ’ਚ ਰਾਤ ਸਮੇਂ ਸੜਕ ’ਤੇ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ। ਦੂਜੀ ਮੌਤ ਹਰਸਿਨ ਸ਼ਹਿਰ ’ਚ ਹੋਈ ਜੋ ਤਹਿਰਾਨ ਤੋਂ ਕਰੀਬ 370 ਕਿਲੋਮੀਟਰ ਦੱਖਣ-ਪੱਛਮ ’ਚ ਸਥਿਤ ਹੈ। ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਨਾਲ ਜੁੜੀ ਜਥੇਬੰਦੀ ਬਾਸਿਜ ਦਾ ਇਕ ਮੈਂਬਰ ਬੰਦੂਕ ਅਤੇ ਚਾਕੂ ਹਮਲੇ ਦੌਰਾਨ ਮਾਰਿਆ ਗਿਆ। ਅਮਰੀਕਾ ਅਧਾਰਿਤ ਮਨੁੱਖੀ ਹੱਕਾਂ ਬਾਰੇ ਕਾਰਕੁਨਾਂ ਦੀ ਖ਼ਬਰ ਏਜੰਸੀ ਮੁਤਾਬਕ ਇਰਾਨ ਦੇ 31 ’ਚੋਂ 22 ਸੂਬਿਆਂ ’ਚ 100 ਤੋਂ ਵੱਧ ਥਾਵਾਂ ’ਤੇ ਪ੍ਰਦਰਸ਼ਨ ਹੋ ਰਹੇ ਹਨ।

