ਇੰਡੋਨੇਸ਼ੀਆ: ਦਫ਼ਤਰ ਦੀ ਇਮਾਰਤ ਵਿਚ ਅੱਗ; 22 ਹਲਾਕ
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਮੰਗਲਵਾਰ ਨੂੰ ਇੱਕ ਦਫ਼ਤਰ ਦੀ ਇਮਾਰਤ ਵਿੱਚ ਅੱਗ ਲੱਗ ਗਈ ਜਿਸ ਕਾਰਨ ਇੱਕ ਗਰਭਵਤੀ ਔਰਤ ਸਮੇਤ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਇਹ ਅੱਗ ਸੱਤ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ਨੂੰ ਲੱਗੀ ਜਿਸ ਨੇ ਬਾਅਦ ਵਿਚ ਸਾਰੀ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਸੈਂਟਰਲ ਜਕਾਰਤਾ ਦੇ ਪੁਲੀਸ ਮੁਖੀ ਸੁਸਾਤਿਓ ਪੁਰਨੋਮੋ ਕੌਂਡਰੋ ਨੇ ਕਿਹਾ ਕਿ ਇਹ ਅੱਗ ਦੁਪਹਿਰ ਵੇਲੇ ਲੱਗੀ ਤੇ ਮੰਨਿਆ ਜਾ ਰਿਹਾ ਹੈ ਕਿ ਕੇਮਾਯੋਰਨ ਇਲਾਕੇ ਵਿੱਚ ਇਹ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਸ਼ੁਰੂ ਹੋਈ ਅਤੇ ਫਿਰ ਹੋਰ ਮੰਜ਼ਿਲਾਂ ਤੱਕ ਫੈਲ ਗਈ। ਅੱਗ ’ਤੇ ਕਾਬੂ ਪਾਉਣ ਲਈ ਸੈਂਕੜੇ ਕਰਮਚਾਰੀ ਅਤੇ 29 ਫਾਇਰ ਟੈਂਡਰ ਤਾਇਨਾਤ ਕੀਤੇ ਗਏ ਸਨ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਪਤਾ ਲੱਗਿਆ ਹੈ ਕਿ ਇਮਾਰਤ ਵਿੱਚ ਬਹੁਤ ਸਾਰੇ ਕਰਮਚਾਰੀ ਦੁਪਹਿਰ ਦੇ ਖਾਣੇ ਲਈ ਬਾਹਰ ਗਏ ਹੋਏ ਸਨ ਜਦੋਂ ਸਟੋਰੇਜ ਅਤੇ ਟੈਸਟਿੰਗ ਖੇਤਰ ਵਿੱਚ ਬੈਟਰੀ ਸਪਾਰਕਿੰਗ ਸ਼ੁਰੂ ਹੋ ਗਈ।
ਤਿੰਨ ਘੰਟਿਆਂ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ ਅੱਗ ਬੁਝਾਈ ਗਈ। ਇਮਾਰਤ ਵਿੱਚੋਂ ਘੱਟੋ-ਘੱਟ 22 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਸੱਤ ਪੁਰਸ਼ ਅਤੇ 15 ਔਰਤਾਂ ਸ਼ਾਮਲ ਹਨ ਜਿਨ੍ਹਾਂ ਵਿੱਚ ਇੱਕ ਗਰਭਵਤੀ ਔਰਤ ਵੀ ਸ਼ਾਮਲ ਹੈ। ਇਹ ਮ੍ਰਿਤਕ ਦੇਹਾਂ ਪਛਾਣ ਲਈ ਪੂਰਬੀ ਜਕਾਰਤਾ ਦੇ ਪੁਲੀਸ ਹਸਪਤਾਲ ਲਿਜਾਈਆਂ ਗਈਆਂ ਹਨ।
