ਐਲੀਕੌਟ ਸਿਟੀ ਵਿੱਚ ਮਰੀ ਪਈ ਮਿਲੀ ਭਾਰਤੀ ਮਹਿਲਾ
ਮ੍ਰਿਤਕਾ ਦੇ ਪਿਤਾ ਨੇ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਸਰਕਾਰ ਤੋਂ ਮਦਦ ਮੰਗੀ
ਪਿਛਲੇ ਹਫ਼ਤੇ ਤੋਂ ਲਾਪਤਾ 27 ਸਾਲਾ ਭਾਰਤੀ ਮਹਿਲਾ ਮ੍ਰਿਤ ਪਾਈ ਗਈ ਹੈ। ਪੁਲੀਸ ਉਸ ਦੇ ਸਾਬਕਾ ਪ੍ਰੇਮੀ ਦੀ ਭਾਲ ਕਰ ਰਹੀ ਹੈ। ਪੁਲੀਸ ਨੇ ਦੋਸ਼ ਲਾਇਆ ਹੈ ਕਿ ਉਹ ਉਸ ਦਾ ਕਤਲ ਕਰ ਕੇ ਭਾਰਤ ਫ਼ਰਾਰ ਹੋ ਗਿਆ ਹੈ। ਐਲੀਕੌਟ ਸਿਟੀ ਦੀ ਰਹਿਣ ਵਾਲੀ ਨਿਕਿਤਾ ਗੋਡਿਸ਼ਲਾ ਦੇ 2 ਜਨਵਰੀ ਨੂੰ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ ਸੀ। ਹਾਵਰਡ ਕਾਊਂਟੀ ਪੁਲੀਸ ਨੇ ਬਿਆਨ ਵਿੱਚ ਕਿਹਾ ਕਿ ਉਹ ਉਸ ਦੇ ਸਾਬਕਾ ਪ੍ਰੇਮੀ 26 ਸਾਲਾ ਅਰਜੁਨ ਸ਼ਰਮਾ ਦੇ ਕੋਲੰਬੀਆ ਦੇ ਮੈਰੀਲੈਂਡ ਸਥਿਤ ਅਪਾਰਟਮੈਂਟ ਵਿੱਚ ਮ੍ਰਿਤ ਮਿਲੀ ਸੀ। ਉਸ ਦੇ ਸਰੀਰ ’ਤੇ ਚਾਕੂਆਂ ਦੇ ਜ਼ਖ਼ਮ ਸਨ। ਪੁਲੀਸ ਨੇ ਸ਼ਰਮਾ ਦੀ ਗ੍ਰਿਫ਼ਤਾਰੀ ਲਈ ਪਹਿਲੀ ਅਤੇ ਦੂਜੀ ਡਿਗਰੀ ਦੇ ਕਤਲ ਦੇ ਦੋਸ਼ਾਂ ਤਹਿਤ ਵਾਰੰਟ ਹਾਸਲ ਕਰ ਲਿਆ ਹੈ। ਵਾਸ਼ਿੰਗਟਨ ਡੀ ਸੀ ਵਿੱਚ ਭਾਰਤੀ ਦੂਤਾਵਾਸ ਨੇ ‘ਐਕਸ’ ’ਤੇ ਪਾਈ ਪੋਸਟ ਵਿੱਚ ਕਿਹਾ ਕਿ ਉਹ ਗੋਡੀਸ਼ਾਲਾ ਦੇ ਪਰਿਵਾਰ ਦੇ ਸੰਪਰਕ ਵਿੱਚ ਹਨ।
ਦੂਜੇ ਪਾਸੇ, ਨਿਕਿਤਾ ਗੋਡਿਸ਼ਲਾ ਦੇ ਪਿਤਾ ਨੇ ਭਾਰਤ ਅਤੇ ਤਿਲੰਗਾਨਾ ਸਰਕਾਰ ਨੂੰ ਉਸ ਦੀ ਧੀ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਨਿਕਿਤਾ ਦੇ ਪਿਤਾ ਆਨੰਦ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਅਰਜੁਨ ਸ਼ਰਮਾ, ਨਿਕਿਤਾ ਦਾ ਸਾਬਕਾ ਪ੍ਰੇਮੀ ਸੀ। ਆਨੰਦ ਨੇ ਕਿਹਾ, ‘‘ਪਰਿਵਾਰ ਨੂੰ ਮੀਡੀਆ ਰਿਪੋਰਟਾਂ ਰਾਹੀਂ ਪਤਾ ਲੱਗਿਆ ਹੈ ਕਿ ਸ਼ਰਮਾ ਜਿਸ ਨੇ ਕਥਿਤ ਤੌਰ ’ਤੇ ਭਾਰੀ ਕਰਜ਼ਾ ਲਿਆ ਹੋਇਆ ਸੀ, ਕਤਲ ਕਰਨ ਤੋਂ ਬਾਅਦ ਭਾਰਤ ਫ਼ਰਾਰ ਹੋ ਗਿਆ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਭਾਰਤ ਅਤੇ ਸੂਬਾ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ਨਿਕਿਤਾ ਦੀ ਮ੍ਰਿਤਕ ਦੇਹ ਜਲਦੀ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ।’’

