DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India-Uzbekistan ਰਣਨੀਤਕ ਭਾਈਵਾਲੀ ਲਈ ਰਾਜ਼ੀ

ਦੋਵਾਂ ਮੁਲਕਾਂ ਨੇ ਖਣਨ ਤੇ ਸੈਰ-ਸਪਾਟੇ ਸਣੇ ਵੱਖ-ਵੱਖ ਖੇਤਰਾਂ ’ਚ 11 ਸਮਝੌਤੇ ਕੀਤੇ; 2030 ਤੱਕ ਸਾਲਾਨਾ ਵਪਾਰ 5 ਅਰਬ ਡਾਲਰ ਤੱਕ ਪਹੁੰਚਾਉਣ ਦਾ ਟੀਚਾ; ਯੂਰੇਨੀਅਮ ਸਪਲਾਈ ਲਈ ਢਾਂਚਾ ਕਾਇਮ ਕਰਨ ’ਤੇ ਵੀ ਸਹਿਮਤੀ

  • fb
  • twitter
  • whatsapp
  • whatsapp
featured-img featured-img
ਤਾਸ਼ਕੰਦ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ‘ਓਲੀ ਦਰਾਜਾਲੀ ਦੋਸਤਲਿਕ’ ਨਾਲ ਸਨਮਾਨਿਤ ਕਰਦੇ ਹੋਏ ਰਾਸ਼ਟਰਪਤੀ ਸ਼ਵਕਤ ਮਿਰਜ਼ੀਓਯੇਵ। -ਫੋਟੋ: ਏਐੱਨਆਈ
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਓਯੇਵ ਦਰਮਿਆਨ ਹੋਈ ਵਾਰਤਾ ਤੋਂ ਬਾਅਦ ਭਾਰਤ ਤੇ ਉਜ਼ਬੇਕਿਸਤਾਨ ਨੇ ਅੱਜ ਆਪਣੇ ਰਿਸ਼ਤਿਆਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਅਤੇ 2030 ਤੱਕ ਸਾਲਾਨਾ ਵਪਾਰ ਨੂੰ 5 ਅਰਬ ਅਮਰੀਕੀ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ। ਦੋਵਾਂ ਪੱਖਾਂ ਨੇ ਗ਼ੈਰ-ਫ਼ੌਜੀ ਪਰਮਾਣੂ ਊਰਜਾ ਖੇਤਰ ਵਿੱਚ ਸਹਿਯੋਗ ਕਰਨ ਦੇ ਮੰਤਵ ਨਾਲ ਉਜ਼ਬੇਕਿਸਤਾਨ ਤੋਂ ਭਾਰਤ ਨੂੰ ਯੂਰੇਨੀਅਮ ਦੀ ਲੰਮੇ ਸਮੇਂ ਤੱਕ ਸਪਲਾਈ ਕਰਨ ਲਈ ਢਾਂਚਾ ਕਾਇਮ ਕਰਨ ’ਤੇ ਵੀ ਸਹਿਮਤੀ ਜਤਾਈ।

ਦੋਵਾਂ ਧਿਰਾਂ ਨੇ ਖਣਨ ਤੇ ਸੈਰ-ਸਪਾਟੇ ਸਣੇ ਕਈ ਪ੍ਰਮੁੱਖ ਖੇਤਰਾਂ ਵਿੱਚ ਤਾਲਮੇਲ ਮਜ਼ਬੂਤ ਕਰਨ ਲਈ 11 ਸਮਝੌਤਿਆਂ ਉਤੇ ਸਹੀ ਪਾਈ। ਵਾਰਤਾ ਦੌਰਾਨ ਵਪਾਰ, ਨਿਵੇਸ਼, ਬੁਨਿਆਦੀ ਢਾਂਚੇ, ਮਹੱਤਵਪੂਰਨ ਖਣਿਜਾਂ, ਖਣਨ, ਰੱਖਿਆ ਤੇ ਸੁਰੱਖਿਆ, ਖੇਤੀ, ਸਿਹਤ, ਸੂਚਨਾ ਤਕਨੀਕ, ਯੂ ਪੀ ਆਈ ਸਮੇਤ ਡਿਜੀਟਲ ਜਨਤਕ ਬੁਨਿਆਦੀ ਢਾਂਚੇ ਤੇ ਸਿੱਖਿਆ ਦੇ ਖੇਤਰਾਂ ਵਿੱਚ ਸਹਿਯੋਗ ਵਧਾਉਣ ’ਤੇ ਧਿਆਨ ਕੇਂਦਰਤ ਕੀਤਾ ਗਿਆ। ਦੋਵਾਂ ਦੇਸ਼ਾਂ ਵਿਚਾਲੇ ਵਰਤਮਾਨ ’ਚ ਦੁਵੱਲਾ ਵਪਾਰ ਇਕ ਅਰਬ ਅਮਰੀਕੀ ਡਾਲਰ ਤੋਂ ਵੱਧ ਦਾ ਹੈ।

Advertisement

ਮੋਦੀ ਨੇ ਕਿਹਾ, ‘‘ਉਜ਼ਬੇਕਿਸਤਾਨ ਮੱਧ ਏਸ਼ੀਆ ਦੇ ਕੇਂਦਰ ’ਚ ਹੈ ਤੇ ਇਸ ਖੇਤਰ ਵਿੱਚ ਭਾਰਤ ਦੀ ਹਿੱਸੇਦਾਰੀ ਦੇ ਵੀ ਕੇਂਦਰ ’ਚ ਹੈ। ਭਾਰਤ-ਉਜ਼ਬੇਕਿਸਤਾਨ ਦੀ ਮਜ਼ਬੂਤ ਭਾਈਵਾਲੀ ਮੱਧ ਏਸ਼ੀਆ ਵਿੱਚ ਸ਼ਾਂਤੀ, ਤਰੱਕੀ ਤੇ ਖ਼ੁਸ਼ਹਾਲੀ ਲਈ ਮਜ਼ਬੂਤ ਆਧਾਰ ਸਾਬਿਤ ਹੋਵੇਗੀ। ਸਾਡਾ ਮੰਨਣਾ ਹੈ ਕਿ ਅਤਿਵਾਦ, ਕੱਟੜਵਾਦ ਤੇ ਵੱਖਵਾਦ ਪੂਰੇ ਖੇਤਰ ਲਈ ਗੰਭੀਰ ਚੁਣੌਤੀਆਂ ਹਨ। ਇਨ੍ਹਾਂ ਖ਼ਤਰਿਆਂ ਨੂੰ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਦੀ ਨੀਤੀ ਕਾਇਮ ਰੱਖਣਾ ਸਾਡਾ ਸਾਂਝਾ ਅਹਿਦ ਰਿਹਾ ਹੈ ਤੇ ਅੱਗੇ ਵੀ ਰਹੇਗਾ।’’ ਉਨ੍ਹਾਂ ਕਿਹਾ ਕਿ ਭਾਰਤ ਤੇ ਉਜ਼ਬੇਕਿਸਤਾਨ ਆਪਣੇ ਰੱਖਿਆ ਉਦਯੋਗਾਂ ਨੂੰ ਫ਼ੌਜੀ ਉਪਕਰਨਾਂ ਦੇ ਸਾਂਝੇ ਵਿਕਾਸ ਤੇ ਉਤਪਾਦਨ ਵਾਲੇ ਪਾਸੇ ਕੰਮ ਕਰਨ ਲਈ ਉਤਸ਼ਾਹਿਤ ਕਰਨਗੇ। ਮੋਦੀ ਦੋ ਰੋਜ਼ਾ ਯਾਤਰਾ ’ਤੇ ਸ਼ਨਿਚਰਵਾਰ ਨੂੰ ਤਾਸ਼ਕੰਦ ਪਹੁੰਚੇ ਸਨ।

Advertisement

ਮੋਦੀ ਨੂੰ ਉਜ਼ਬੇਕਿਸਤਾਨ ਦਾ ਸਰਵਉੱਚ ਸਨਮਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਦੇਸ਼ੀ ਆਗੂਆਂ ਲਈ ਉਜ਼ਬੇਕਿਸਤਾਨ ਦੇ ਸਰਵਉੱਚ ਸਨਮਾਨ ‘ਓਲੀ ਦਰਾਜਾਲੀ ਦੋਸਤਲਿਕ’ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਇਹ ਸਨਮਾਨ ਭਾਰਤ ਤੇ ਉਜ਼ਬੇਕਿਸਤਾਨ ਵਿਚਾਲੇ ਸਥਾਈ ਦੋਸਤਾਨਾ ਰਿਸ਼ਤਿਆਂ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੂੰ ਇਹ ਸਨਮਾਨ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ੀਓਯੇਵ ਨੇ ਦਿੱਤਾ। ਮੋਦੀ ਨੇ ਸੋਸ਼ਲ ਮੀਡੀਆ ਉਤੇ ਪੋਸਟ ਵਿੱਚ ਕਿਹਾ ਕਿ ਉਹ ਇਹ ਸਨਮਾਨ ਹਾਸਲ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ।

ਮੋਦੀ ਐੱਸ ਸੀ ਓ ਸੰਮੇਲਨ ਲਈ ਕਿਰਗਿਜ਼ਸਤਾਨ ਪੁੱਜੇ

ਬਿਸ਼ਕੇਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਸੰਮੇਲਨ ਵਿੱਚ ਹਿੱਸਾ ਲੈਣ ਲਈ ਅੱਜ ਕਿਰਗਿਜ਼ਸਤਾਨ ਪਹੁੰਚ ਗਏ। ਉਹ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਤੋਂ ਇੱਥੇ ਪੁੱਜੇ ਹਨ। ਇਸ ਤੋਂ ਪਹਿਲਾਂ ਉਹ ਉਜ਼ਬੇਕਿਸਤਾਨ ਦੇ ਦੋ ਦਿਨਾਂ ਦੇ ਦੌਰੇ ਉਤੇ ਸਨ ਜਿੱਥੇ ਭਾਰਤ ਤੇ ਉਜ਼ਬੇਕਿਸਤਾਨ ਵਿਚਾਲੇ ਵਿਆਪਕ ਰਣਨੀਤਕ ਭਾਈਵਾਲੀ ’ਤੇ ਸਹਿਮਤੀ ਬਣੀ ਹੈ। ਐੱਸ ਸੀ ਓ ਸੰਮੇਲਨ ਤੋਂ ਵੱਖ ਮੋਦੀ ਕਈ ਦੁਵੱਲੀਆਂ ਬੈਠਕਾਂ ਵੀ ਕਰਨਗੇ। ਇਸ ਦੌਰਾਨ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੀ ਮੁਲਾਕਾਤ ਕਰ ਸਕਦੇ ਹਨ। ਪ੍ਰਧਾਨ ਮੰਤਰੀ 26ਵੇਂ ਐੱਸ ਸੀ ਓ ਸੰਮੇਲਨ ਵਿੱਚ ਹਿੱਸਾ ਲੈਣਗੇ ਜੋ ਕਿ ਭਲਕ ਤੋਂ ਪਹਿਲੀ ਸਤੰਬਰ ਤੱਕ ਚੱਲੇਗਾ। ਦੱਸਣਯੋਗ ਹੈ ਕਿ ਐੱਸ ਸੀ ਓ ਸੰਗਠਨ 2001 ਵਿੱਚ ਬਣਿਆ ਸੀ। ਉਸ ਸਮੇਂ ਇਸ ਵਿੱਚ ਚੀਨ, ਰੂਸ, ਕਜ਼ਾਖ਼ਿਸਤਾਨ, ਕਿਰਗਿਜ਼ਸਤਾਨ, ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਸ਼ਾਮਲ ਸਨ। ਭਾਰਤ ਤੇ ਪਾਕਿਸਤਾਨ ਇਸ ’ਚ 2017 ਵਿੱਚ ਸ਼ਾਮਲ ਹੋਏ ਜਦਕਿ ਇਰਾਨ (2023) ਤੇ ਬੇਲਾਰੂਸ (2024) ਬਾਅਦ ਵਿੱਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਮੋਦੀ ਛੇਵੀਆਂ ਆਲਮੀ ‘ਨੋਮੈਡ ਗੇਮਜ਼’ (ਖ਼ਾਨਾਬਦੋਸ਼ ਖੇਡਾਂ) ਦੇ ਉਦਘਾਟਨੀ ਸਮਾਗਮ ਵਿੱਚ ਵੀ ਹਿੱਸਾ ਲੈਣਗੇ।

Advertisement
×