ਯੂਕਰੇਨ-ਰੂਸ ਯੁੱਧ ਖ਼ਤਮ ਕਰਨ ਲਈ ਭਾਰਤ 'ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ' ਕਰਨ ਨੂੰ ਤਿਆਰ: ਜੈਸ਼ੰਕਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੀਵ ਵਿੱਚ ਆਪਣੇ ਯੂਕਰੇਨੀ ਹਮਰੁਤਬਾ ਐਂਡਰੀ ਸਿਬੀਹਾ ਨਾਲ ਕੀਤੀ ਗੱਲਬਾਤ
ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਉਹ 2022 ਤੋਂ ਜਾਰੀ ਯੂਕਰੇਨ-ਰੂਸ ਯੁੱਧ ਨੂੰ ਖ਼ਤਮ ਕਰਨ ਲਈ ''ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਦਦ'' ਕਰਨ ਨੂੰ ਤਿਆਰ ਹੈ।
ਇਸ ਤੋਂ ਪਹਿਲਾਂ, ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕੀਵ ਵਿੱਚ ਆਪਣੇ ਯੂਕਰੇਨੀ ਹਮਰੁਤਬਾ ਐਂਡਰੀ ਸਿਬੀਹਾ ਨਾਲ ਗੱਲਬਾਤ ਕੀਤੀ।
ਗੱਲਬਾਤ ਤੋਂ ਬਾਅਦ ਸਿਬੀਹਾ ਨਾਲ ਇੱਕ ਸਾਂਝੇ ਪ੍ਰੈੱਸ ਬਿਆਨ ਵਿੱਚ ਜੈਸ਼ੰਕਰ ਨੇ ਕਿਹਾ, ''ਭਾਰਤ ਨੇ ਹਮੇਸ਼ਾ ਇਹੀ ਕਿਹਾ ਹੈ ਕਿ ਇਹ ਦੌਰ ਯੁੱਧ ਦਾ ਨਹੀਂ ਹੈ ਅਤੇ ਹੱਲ ਯੁੱਧ ਦੇ ਮੈਦਾਨ ਤੋਂ ਨਹੀਂ ਨਿਕਲਣਗੇ।''
ਯੂਕਰੇਨ ਦੇ ਵਿਦੇਸ਼ ਮੰਤਰੀ ਸਿਬੀਹਾ ਨੇ ਭਾਰਤ ਨੂੰ ਇੱਕ ਆਲਮੀ ਤਾਕਤ ਦੱਸਦਿਆਂ ਕਿਹਾ ਕਿ ਉਨ੍ਹਾਂ ਦਾ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਸ ਅਪੀਲ ਦਾ ਸਵਾਗਤ ਕਰਦਾ ਹੈ, ਜਿਸ ਵਿੱਚ ਉਨ੍ਹਾਂ ਨੇ ਯੁੱਧ ਨੂੰ ਸਮਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧਣ ਦੀ ਅਪੀਲ ਕੀਤੀ ਹੈ।
ਮੋਦੀ ਨੇ ਹਾਲੀਆ, ਬਿਸ਼ਕੇਕ ਵਿੱਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਸਿਖ਼ਰ ਸੰਮੇਲਨ ਮੌਕੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਬੈਠਕ ਦੌਰਾਨ ਇਹ ਅਪੀਲ ਕੀਤੀ ਸੀ।
ਜੈਸ਼ੰਕਰ ਨੇ ਕਿਹਾ, ''ਸੰਘਰਸ਼ ਦੇ ਹਰ ਲੰਘਦੇ ਦਿਨ ਦਾ ਮਤਲਬ ਹੈ ਹੋਰ ਜ਼ਿਆਦਾ ਮੌਤਾਂ ਅਤੇ ਹੋਰ ਜ਼ਿਆਦਾ ਤਬਾਹੀ। ਜ਼ਾਹਰ ਹੈ, ਇਸ ਦਾ ਹੱਲ ਸ਼ਾਮਲ ਧਿਰਾਂ ਨੇ ਹੀ ਕੱਢਣਾ ਹੈ। ਪਰ, ਜੇਕਰ ਭਾਰਤ ਕਿਸੇ ਵੀ ਤਰ੍ਹਾਂ ਨਾਲ ਮਦਦ ਕਰ ਸਕਦਾ ਹੈ, ਤਾਂ ਅਸੀਂ ਤਿਆਰ ਹਾਂ।''
ਭਾਰਤ ਗੱਲਬਾਤ ਅਤੇ ਕੂਟਨੀਤੀ ਰਾਹੀਂ ਰੂਸ-ਯੂਕਰੇਨ ਸੰਘਰਸ਼ ਨੂੰ ਖ਼ਤਮ ਕਰਨ ਦੀ ਅਪੀਲ ਕਰਦਾ ਰਿਹਾ ਹੈ।
ਜੈਸ਼ੰਕਰ ਨੇ ਕਿਹਾ, ''ਪ੍ਰਧਾਨ ਮੰਤਰੀ ਮੋਦੀ ਦੀ ਯੁੱਧ ਖ਼ਤਮ ਕਰਨ ਦੀ ਅਪੀਲ ਦੇ ਅਨੁਸਾਰ, ਮੇਰੀ ਯਾਤਰਾ ਗੱਲਬਾਤ ਅਤੇ ਕੂਟਨੀਤੀ ਦੀਆਂ ਸੰਭਾਵਨਾਵਾਂ 'ਤੇ ਕੇਂਦਰਿਤ ਹੈ। ਮੈਂ ਅੱਜ ਯੂਕਰੇਨੀ ਧਿਰ ਵੱਲੋਂ ਸਾਂਝੇ ਕੀਤੇ ਗਏ ਵਿਚਾਰਾਂ ਅਤੇ ਰੁਖ਼ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ।''
ਜੈਸ਼ੰਕਰ ਨੇ ਬਾਅਦ ਵਿੱਚ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਅਤੇ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਬਾਰੇ ਯੂਕਰੇਨ ਦੇ ਵਿਦੇਸ਼ ਮੰਤਰੀ ਨਾਲ ਹੋਈ ਆਪਣੀ ਚਰਚਾ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ।

