ਇਮਰਾਨ ਖ਼ਾਨ ਦੀ ਸਿਹਤ: ਪੀਟੀਆਈ ਵੱਲੋਂ ਵੱਡੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ; ਰਾਵਲਪਿੰਡੀ ’ਚ 144 ਲਾਗੂ
ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਇਮਰਾਨ ਖਾਨ ਦੀ ਨਾਸਾਜ਼ ਸਿਹਤ ਅਤੇ ਮੌਤ ਬਾਰੇ ਲਗਾਤਾਰ ਫੈਲ ਰਹੀਆਂ ਅਫਵਾਹਾਂ ਦਰਮਿਆਨ ਅਧਿਕਾਰੀਆਂ ਨੇ ਰਾਵਲਪਿੰਡੀ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ, ਜਿਸ ਨਾਲ ਸਾਰੇ ਜਨਤਕ ਇਕੱਠਾਂ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਕਦਮ ਉਦੋਂ ਚੁੱਕਿਆ ਗਿਆ ਹੈ ਜਦੋਂ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਨੇ ਜੇਲ੍ਹ ਵਿੱਚ ਬੰਦ ਆਗੂ ਤੱਕ ਪਹੁੰਚ ਦੀ ਮੰਗ ਕਰਦੇ ਹੋਏ ਵਿਰੋਧ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਹੈ।
ਰਾਵਲਪਿੰਡੀ ਦੇ ਡਿਪਟੀ ਕਮਿਸ਼ਨਰ ਡਾ. ਹਸਨ ਵਕਾਰ ਚੀਮਾ ਵੱਲੋਂ ਜਾਰੀ ਕੀਤੇ ਗਏ ਇੱਕ ਹੁਕਮ ਵਿੱਚ ਕਿਹਾ ਗਿਆ ਹੈ ਕਿ ਜ਼ਾਬਤਾ ਫੌਜਦਾਰੀ ਪ੍ਰਕਿਰਿਆ (ਪੰਜਾਬ ਸੋਧ) ਐਕਟ, 2024 ਦੀ ਧਾਰਾ 144 ਪਹਿਲੀ ਦਸੰਬਰ ਤੋਂ ਤਿੰਨ ਦਸੰਬਰ ਤੱਕ ਲਾਗੂ ਰਹੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਤਕ ਸੁਰੱਖਿਆ ਅਤੇ ਵਿਵਸਥਾ ਲਈ ‘ਸੰਭਾਵੀ ਖ਼ਤਰੇ’ ਕਾਰਨ ਪਾਬੰਦੀਆਂ ਜ਼ਰੂਰੀ ਹਨ।
ਇਹ ਹੁਕਮ ਤਿੰਨ ਦਿਨਾਂ ਲਈ ਹੇਠ ਲਿਖਿਆਂ ’ਤੇ ਪਾਬੰਦੀ ਲਗਾਉਂਦਾ ਹੈ:
ਹਰ ਤਰ੍ਹਾਂ ਦੇ ਇਕੱਠ, ਜਿਸ ਵਿੱਚ ਰੈਲੀਆਂ, ਵਿਰੋਧ ਪ੍ਰਦਰਸ਼ਨ, ਧਰਨਿਆਂ, ਪ੍ਰਦਰਸ਼ਨਾਂ ਅਤੇ ਪੰਜ ਜਾਂ ਵੱਧ ਲੋਕਾਂ ਦੇ ਇਕੱਠ ਸ਼ਾਮਲ ਹਨ।
ਹਥਿਆਰ, ਡੰਡੇ, ਗੁਲੇਲਾਂ, ਬਾਲ ਬੇਅਰਿੰਗ, ਪੈਟਰੋਲ ਬੰਬ, ਜਾਂ ਕੋਈ ਵੀ ਵਸਤੂ ਜਿਸਦੀ ਵਰਤੋਂ ਹਿੰਸਕ ਢੰਗ ਨਾਲ ਕੀਤੀ ਜਾ ਸਕਦੀ ਹੈ, ਲੈ ਕੇ ਜਾਣਾ
ਹਥਿਆਰਾਂ ਦਾ ਪ੍ਰਦਰਸ਼ਨ (ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਛੱਡ ਕੇ) ਅਤੇ ਨਫ਼ਰਤ ਜਾਂ ਭੜਕਾਊ ਭਾਸ਼ਣ ਦੇਣਾ
ਪੁਲੀਸ ਪਾਬੰਦੀਆਂ ਦੀ ਉਲੰਘਣਾ ਕਰਨ ਦੀ ਕੋਸ਼ਿਸ਼
ਦੋਪਹੀਆ ਦੇ ਪਿੱਛੇ ਬੈਠ ਕੇ ਸਵਾਰੀ
ਲਾਉਡਸਪੀਕਰਾਂ ਦੀ ਵਰਤੋਂ
ਅਧਿਕਾਰੀਆਂ ਦਾ ਕਹਿਣਾ ਹੈ ਕਿ ਖੁਫੀਆ ਰਿਪੋਰਟਾਂ ਚੇਤਾਵਨੀ ਦਿੰਦੀਆਂ ਹਨ ਕਿ ਕੁਝ ਸਮੂਹ ਵੱਡੇ ਵਿਰੋਧ ਪ੍ਰਦਰਸ਼ਨਾਂ ਰਾਹੀਂ ਕਾਨੂੰਨ ਅਤੇ ਵਿਵਸਥਾ ਨੂੰ ਭੰਗ ਕਰਨ ਲਈ ਇਕੱਠੇ ਹੋ ਰਹੇ ਹਨ ਅਤੇ ਸੰਵੇਦਨਸ਼ੀਲ ਥਾਵਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।
ਇਮਰਾਨ ਖਾਨ ਅਗਸਤ 2023 ਵਿਚ ਕਈ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਮਗਰੋਂ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਵਿਚ ਬੰਦ ਹੈ। ਖਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਹਫਤਾਵਾਰੀ ਮੀਟਿੰਗਾਂ ਲਈ ਅਦਾਲਤ ਦੇ ਹੁਕਮ ਦੇ ਬਾਵਜੂਦ ਉਨ੍ਹਾਂ ਨੂੰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਉਨ੍ਹਾਂ ਤੱਕ ਪਹੁੰਚ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪੁੱਤਰਾਂ, ਕਾਸਿਮ ਅਤੇ ਸੁਲੇਮਾਨ ਖਾਨ ਨੇ ਆਪਣੇ ਪਿਤਾ ਦੇ ਜ਼ਿੰਦਾ ਹੋਣ ਦੇ ਪ੍ਰਮਾਣਿਤ ਸਬੂਤ ਦੀ ਮੰਗ ਕੀਤੀ ਹੈ।
ਕਾਸਿਮ ਨੇ ਖ਼ਬਰ ਏਜੰਸੀ ਰਾਇਟਰਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਪਰਿਵਾਰ ਦਾ ‘ਕੁਝ ਮਹੀਨਿਆਂ ਤੋਂ’ ਖਾਨ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ ਹੈ। ਉਸ ਨੇ ਕਿਹਾ, ‘‘ਇਹ ਨਾ ਜਾਣਨਾ ਕਿ ਤੁਹਾਡੇ ਪਿਤਾ ਸੁਰੱਖਿਅਤ ਹਨ, ਜ਼ਖਮੀ ਹਨ, ਜਾਂ ਜ਼ਿੰਦਾ ਵੀ ਹਨ, ਇਹ ਮਨੋਵਿਗਿਆਨਕ ਤਸ਼ੱਦਦ ਦਾ ਇੱਕ ਰੂਪ ਹੈ।’’ ਉਸ ਨੇ ਡਰ ਜ਼ਾਹਰ ਕੀਤਾ ਕਿ ਅਧਿਕਾਰੀ ਖਾਨ ਦੀ ਹਾਲਤ ਬਾਰੇ ਕੁਝ ਤਾਂ ਲੁਕਾ ਰਹੇ ਹੋ ਸਕਦੇ ਹਨ। ਕਾਸਿਮ ਨੇ ਪਹਿਲਾਂ ਦੋਸ਼ ਲਗਾਇਆ ਸੀ ਕਿ ਖਾਨ ਨੂੰ ਮੌਤ ਦੀ ਕੋਠੜੀ ਵਿੱਚ ਇਕੱਲਾ ਰੱਖਿਆ ਗਿਆ ਹੈ।
