ਏਅਰ ਸ਼ੋਅ ਦੌਰਾਨ ਯੂਨਾਨੀ ਹਵਾਈ ਫੌਜ ਦਾ ਜੈੱਟ ਹਾਦਸਾਗ੍ਰਸਤ; ਦੋ ਪਾਇਲਟਾਂ ਦੀ ਮੌਤ
ਬਾਕੀ ਬਚੇ ਸਮਾਗਮਾਂ ਨੂੰ ਕੀਤਾ ਗਿਆ ਰੱਦ
ਐਥਨਜ਼ ਦੇ ਉੱਤਰ ਵਿੱਚ ਸ਼ਨਿੱਚਰਵਾਰ ਨੂੰ ਇੱਕ ਏਅਰ ਸ਼ੋਅ ਦੌਰਾਨ ਯੂਨਾਨੀ ਹਵਾਈ ਫੌਜ ਦਾ ਜੈੱਟ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਦੋ ਪਾਇਲਟ ਮਾਰੇ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਹਜ਼ਾਰਾਂ ਲੋਕ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ।
ਹਾਦਸੇ ਤੋਂ ਬਾਅਦ ਲੱਗੀ ਅੱਗ ਕਾਰਨ ਕਾਲੇ ਧੂੰਏਂ ਦੇ ਵੱਡੇ ਗੁਬਾਰ ਉੱਠੇ। ਦੋ-ਸੀਟਾਂ ਵਾਲੇ ਫੈਂਟਮ ਐੱਫ-4 ਜੈੱਟ ਦਾ ਇਹ ਹਾਦਸਾ ਘੱਟ ਉਚਾਈ 'ਤੇ ਦਿਖਾਏ ਜਾ ਰਹੇ ਕਰਤੱਬ ਦੌਰਾਨ ਵਾਪਰਿਆ।
ਯੂਨਾਨ ਵਿੱਚ ਹਵਾਈ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਬਚਾਅ ਕਾਰਜ ਦੌਰਾਨ ਦੋਵਾਂ ਪਾਇਲਟਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸ਼ੁਰੂ ਵਿੱਚ, ਤਾਨਾਗਰਾ ਏਅਰ ਫੋਰਸ ਬੇਸ (ਐਥਨਜ਼ ਤੋਂ ਲਗਪਗ 60 ਕਿਲੋਮੀਟਰ ਉੱਤਰ) ਵਿੱਚ ਅੱਗ ਲੱਗਣ ਨਾਲ ਬਚਾਅ ਕਾਰਜਾਂ ਵਿੱਚ ਰੁਕਾਵਟ ਆਈ।
11 ਪਾਣੀ ਸੁੱਟਣ ਵਾਲੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੇ ਅੱਗ 'ਤੇ ਕਾਬੂ ਪਾਉਣ ਵਿੱਚ 85 ਫਾਇਰਫਾਈਟਰਾਂ ਦੀ ਸਹਾਇਤਾ ਕੀਤੀ। ਐਥਨਜ਼ ਫਲਾਇੰਗ ਵੀਕ (ਇੱਕ ਸਾਲਾਨਾ ਏਅਰ ਸ਼ੋਅ) ਵਿੱਚ ਦਰਸ਼ਕਾਂ ਦੇ ਬੈਠਣ ਵਾਲੇ ਖੇਤਰ ਤੋਂ ਥੋੜ੍ਹੀ ਦੂਰੀ 'ਤੇ ਅੱਗ ਲੱਗ ਗਈ।
ਪ੍ਰਬੰਧਕਾਂ ਨੇ ਵੀਕਐਂਡ ਦੌਰਾਨ ਯੋਜਨਾਬੱਧ ਬਾਕੀ ਬਚੇ ਸਮਾਗਮਾਂ ਨੂੰ ਰੱਦ ਕਰ ਦਿੱਤਾ, ਜਦੋਂ ਕਿ ਅੱਗ ਕਾਰਨ ਬੇਸ ਦੇ ਨੇੜੇ ਦੇ ਖੇਤਰ ਨੂੰ ਖਾਲੀ ਕਰਵਾਉਣ ਦਾ ਆਦੇਸ਼ ਦਿੱਤਾ ਗਿਆ।
ਹਾਦਸੇ ਦੀ ਵੀਡੀਓ ਫੁਟੇਜ ਵਿੱਚ ਪ੍ਰਭਾਵਿਤ ਥਾਂ ਤੋਂ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ, ਜਿਸ ਤੋਂ ਬਾਅਦ ਨੇੜੇ ਹੀ ਇੱਕ ਵੱਡਾ ਧਮਾਕਾ ਹੋਇਆ ਅਤੇ ਜਹਾਜ਼ ਟੁਕੜਿਆਂ ਵਿੱਚ ਟੁੱਟ ਗਿਆ।

