Great Wall of China: ਕੋਲੇ ਦੀ ਖਾਨ ਦੀ ਰਹਿੰਦ-ਖੂੰਹਦ ਸੁੱਟਣ ਕਾਰਨ ਚੀਨ ਦੀ ਮਹਾਨ ਦੀਵਾਰ ਦਾ ਇੱਕ ਹਿੱਸਾ ਨੁਕਸਾਨਿਆ
2007 ਵਿੱਚ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੀ ਕੰਪਨੀ ਨੇ ਸ਼ੁਰੂ ਕੀਤਾ ਸੀ ਨੁਕਸਾਨ: ਰਿਪੋਰਟ
ਚੀਨ ਦੀ ਮਹਾਨ ਦੀਵਾਰ ਦਾ ਇੱਕ ਦੂਰ-ਦੁਰਾਡੇ ਦਾ ਹਿੱਸਾ ਪਿਛਲੇ 20 ਸਾਲਾਂ ਤੋਂ ਕੋਲੇ ਦੀ ਖਾਨ ਦੀ ਰਹਿੰਦ-ਖੂੰਹਦ ਸੁੱਟੇ ਜਾਣ ਕਾਰਨ ਨੁਕਸਾਨਿਆ ਗਿਆ ਹੈ। ਸਰਕਾਰੀ ਮੀਡੀਆ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਚੀਨ ਦੇ ਸਰਕਾਰੀ ਪ੍ਰਸਾਰਕ 'ਸੀ ਸੀ ਟੀ ਵੀ' ਦੀ ਖ਼ਬਰ ਅਨੁਸਾਰ, ਉੱਤਰ-ਮੱਧ ਚੀਨ ਵਿੱਚ ਮਿੰਗ ਰਾਜਵੰਸ਼ ਦੇ ਦੌਰ ਦੀ ਇਸ ਪ੍ਰਾਚੀਨ ਦੀਵਾਰ ਦੇ ਪੱਥਰਾਂ ਨੂੰ ਕੋਲੇ ਦੀ ਖਾਨ ਦੇ ਰਹਿੰਦ-ਖੂੰਹਦ ਨੂੰ ਸਸਤੇ ਵਿੱਚ ਟਿਕਾਣੇ ਲਗਾਉਣ ਲਈ ਵਰਤਿਆ ਗਿਆ।
ਹਾਂਗਕਾਂਗ ਦੇ ਅਖ਼ਬਾਰ 'ਸਾਊਥ ਚਾਈਨਾ ਮੋਰਨਿੰਗ ਪੋਸਟ' ਨੇ ਸੀ ਸੀ ਟੀ ਵੀ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਸ਼ਾਂਕਸੀ ਸੂਬੇ ਦੀ ਨਿੰਗਵੂ ਕਾਊਂਟੀ ਵਿੱਚ ਦੀਵਾਰ ਦੇ ਇੱਕ ਹਿੱਸੇ ਦੀ ਵਰਤੋਂ ਪਿਛਲੇ ਕਰੀਬ 20 ਸਾਲਾਂ ਤੋਂ ਕੋਲੇ ਦੀ ਖਾਨ ਦੀ ਰਹਿੰਦ-ਖੂੰਹਦ ਸੁੱਟਣ ਦੇ ਆਸਾਨ ਰਸਤੇ ਵਜੋਂ ਕੀਤੀ ਜਾ ਰਹੀ ਸੀ, ਜਦਕਿ 'ਵਿਸਲਬਲੋਅਰ' ਵੱਲੋਂ ਸਥਾਨਕ ਅਧਿਕਾਰੀਆਂ ਨੂੰ ਵਾਰ-ਵਾਰ ਸੁਚੇਤ ਵੀ ਕੀਤਾ ਗਿਆ ਸੀ।
ਖ਼ਬਰ ਅਨੁਸਾਰ, ਮਹਾਨ ਦੀਵਾਰ ਦੇ ਗੁਓਜਿਆਯਾਓ ਹਿੱਸੇ ਨੂੰ ਨੁਕਸਾਨ ਪਹੁੰਚਣਾ 2007 ਵਿੱਚ ਉਸ ਸਮੇਂ ਸ਼ੁਰੂ ਹੋਇਆ, ਜਦੋਂ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੀ ਕੰਪਨੀ 'ਨਿੰਗਵੂ ਚਾਓਕਾਈ ਕੋਲ ਇੰਡਸਟਰੀ' ਨੇ ਖੁਦਾਈ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਇਸ ਢਾਂਚੇ ਦੇ ਵਿਚਕਾਰ ਭੰਨਤੋੜ ਕੀਤੀ ਸੀ।
ਸੀ ਸੀ ਟੀ ਵੀ ਨੇ ਦੱਸਿਆ ਕਿ 2015 ਤੋਂ ਵਿਸਲਬਲੋਅਰ ਵੱਲੋਂ ਵਾਰ-ਵਾਰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਸਥਾਨਕ ਅਧਿਕਾਰੀਆਂ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਇਹ ਭੰਨਤੋੜ ਲਗਪਗ ਦੋ ਦਹਾਕਿਆਂ ਤੱਕ ਜਾਰੀ ਰਹੀ ਅਤੇ ਦੀਵਾਰ ਵਿੱਚ ਛੇ ਮੀਟਰ (19 ਫੁੱਟ) ਦਾ ਪਾੜਾ ਪੈ ਗਿਆ।

