ਗੂਗਲ ਮੈਪਸ ਨੇ ਅਮਰੀਕਾ ਵਿੱਚ ‘Lake Ontario’ ਦਾ ਨਾਮ ਬਦਲ ਕੇ ‘Lake America’ ਕੀਤਾ
Donald Trump ਦੇ ਹੁਕਮਾਂ ਤੋਂ ਬਾਅਦ ਗੂਗਲ ਨੇ ਅਮਰੀਕੀ ਯੂਜ਼ਰਾਂ ਲਈ ਨਾਮ ਬਦਲਿਆ
ਗੂਗਲ ਮੈਪਸ ਨੇ ਅਮਰੀਕੀ ਯੂਜ਼ਰਾਂ ਲਈ 'ਲੇਕ ਓਂਟਾਰੀਓ' (Lake Ontario) ਦਾ ਨਾਮ ਬਦਲ ਕੇ 'ਲੇਕ ਅਮਰੀਕਾ' (Lake America) ਕਰ ਦਿੱਤਾ ਹੈ। ਗੂਗਲ ਵੱਲੋਂ ਕਿਹਾ ਗਿਆ ਹੈ ਕਿ ਇਹ ਬਦਲਾਅ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਹੁਕਮ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਗਿਆ ਹੈ ਜਿਸ ਰਾਹੀਂ ਉਨ੍ਹਾਂ ਨੇ ਇਸ ਝੀਲ ਦਾ ਨਾਮ ਬਦਲਿਆ ਹੈ। ਟਰੰਪ ਨੇ ਵੀਰਵਾਰ ਨੂੰ ਕੈਨੇਡਾ ਨਾਲ ਚੱਲ ਰਹੇ ਵਪਾਰਕ ਵਿਵਾਦ ਅਤੇ ਟੈਰਿਫ ਮੁੱਦਿਆਂ ਦੇ ਚੱਲਦਿਆਂ ਇਸ ਝੀਲ ਦਾ ਨਾਮ ਬਦਲਣ ਦਾ ਐਲਾਨ ਕੀਤਾ ਸੀ।
ਗੂਗਲ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਧਿਕਾਰਤ ਸਰਕਾਰੀ ਸਰੋਤਾਂ (ਅਮਰੀਕਾ ਲਈ ਜੀ ਐੱਨ ਆਈ ਐੱਸ - GNIS) ਦੇ ਆਧਾਰ 'ਤੇ ਹੀ ਮੈਪਸ ਨੂੰ ਅਪਡੇਟ ਕਰਦਾ ਹੈ। ਇਸ ਕਾਰਨ ਅਮਰੀਕਾ ਵਿੱਚ ਮੈਪ ਇਸ ਨੂੰ 'ਲੇਕ ਅਮਰੀਕਾ' ਦਿਖਾਏਗਾ, ਕੈਨੇਡਾ ਵਿੱਚ ਇਸ ਦਾ ਨਾਮ 'ਲੇਕ ਓਂਟਾਰੀਓ' ਹੀ ਰਹੇਗਾ, ਜਦੋਂ ਕਿ ਅਮਰੀਕਾ ਅਤੇ ਕੈਨੇਡਾ ਤੋਂ ਬਾਹਰ ਦੇ ਬਾਕੀ ਦੁਨੀਆ ਦੇ ਯੂਜ਼ਰਾਂ ਨੂੰ ਇਨ੍ਹਾਂ ਵਿੱਚੋਂ ਦੋਵੇਂ ਨਾਮ ਨਜ਼ਰ ਆਉਣਗੇ।
ਕੈਨੇਡਾ ਅਤੇ ਅਮਰੀਕੀ ਆਗੂਆਂ ਵੱਲੋਂ ਨਾਮ ਬਦਲਣ ਦੇ ਫੈਸਲੇ ਦਾ ਵਿਰੋਧ
ਰਾਸ਼ਟਰਪਤੀ ਟਰੰਪ ਦੇ ਇਸ ਫੈਸਲੇ ਖਿਲਾਫ ਕੈਨੇਡਾ ਅਤੇ ਅਮਰੀਕਾ ਦੇ ਕਈ ਆਗੂਆਂ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀਰਵਾਰ ਨੂੰ ਹੀ ਝੀਲ ਦਾ ਨਾਮ ਬਦਲਣ ਦੇ ਇਸ ਫੈਸਲੇ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਇਸ ਦੇ ਨਾਲ ਹੀ ਓਂਟਾਰੀਓ ਦੇ ਪ੍ਰੀਮੀਅਰ ਡੌਗ ਫੋਰਡ ਨੇ ਸ਼ਨਿਰਵਾਰ ਨੂੰ ਝੀਲ ਦੇ ਕੰਢੇ ਇੱਕ ਵੱਡਾ ਬੋਰਡ ਲਗਾ ਦਿੱਤਾ ਜਿਸ ਉੱਪਰ ਅੰਗਰੇਜ਼ੀ ਅਤੇ ਫਰੈਂਚ ਵਿੱਚ ਲਿਖਿਆ ਹੈ, "ਲੇਕ ਓਂਟਾਰੀਓ: ਹੁਣ ਅਤੇ ਹਮੇਸ਼ਾ"। ਫੋਰਡ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਇਸ ਨੂੰ ਜੋ ਚਾਹੁਣ ਕਹਿ ਸਕਦੇ ਹਨ, ਪਰ ਬਾਕੀ ਦੁਨੀਆ ਹਮੇਸ਼ਾ ਇਸ ਨੂੰ ਲੇਕ ਓਂਟਾਰੀਓ ਹੀ ਕਹੇਗੀ।
ਅਮਰੀਕਾ ਵਿੱਚ ਵੀ ਨਿਊਯਾਰਕ ਦੀ ਡੈਮੋਕ੍ਰੈਟਿਕ ਗਵਰਨਰ ਕੈਥੀ ਹੋਚੁਲ ਅਤੇ ਵਰਮੋਂਟ ਦੇ ਰਿਪਬਲਿਕਨ ਗਵਰਨਰ ਫਿਲ ਸਕਾਟ ਨੇ ਇਸ ਫੈਸਲੇ ਨੂੰ ਨਿਰਾਸ਼ਾਜਨਕ ਅਤੇ ਬੇਲੋੜਾ ਕਰਾਰ ਦਿੱਤਾ ਹੈ। ਗੂਗਲ ਵੱਲੋਂ ਪਿਛਲੇ ਸਾਲ ਮੈਕਸਿਕੋ ਦੀ ਖਾੜੀ (Gulf of Mexico) ਦਾ ਨਾਮ ਬਦਲ ਕੇ ਵੀ 'ਗਲਫ ਆਫ ਅਮਰੀਕਾ' ਕੀਤਾ ਗਿਆ ਸੀ।

