ਬੰਗਲਾਦੇਸ਼ ਛੱਡ ਕੇ ਜਾਂਦੀ ਸ਼ੇਖ ਹਸੀਨਾ ਦੀ ਵੀਡੀਓ ਬਣਾਉਣ ਵਾਲੇ ਸਾਬਕਾ ਏਅਰ ਫੋਰਸ ਅਧਿਕਾਰੀ ਦੀ ਮਿਲੀ ਲਾਸ਼
ਨਦੀ ਵਿੱਚੋਂ ਮਿਲੀ ਲਾਸ਼ ਦੀ ਫੋਨ ਤੇ ਘੜੀ ਰਾਹੀਂ ਹੋਈ ਪਛਾਣ
ਬੰਗਲਾਦੇਸ਼ ਪੁਲੀਸ ਨੇ ਵੀਰਵਾਰ ਨੂੰ ਦੱਸਿਆ ਕਿ ਰਾਜਧਾਨੀ ਢਾਕਾ ਦੀ ਤੁਰਾਗ ਨਦੀ ਵਿੱਚੋਂ ਸਾਬਕਾ ਏਅਰ ਫੋਰਸ ਫਲਾਈਟ ਲੈਫਟੀਨੈਂਟ ਕੇ ਐੱਮ ਤਹਸੀਫ ਸੌਰੀ ਦੀ ਲਾਸ਼ ਬਰਾਮਦ ਹੋਈ ਹੈ।
ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਕਰੀਬ 25-30 ਸਾਲ ਦੀ ਉਮਰ ਦੇ ਸੌਰੀ ਨੇ 5 ਅਗਸਤ, 2024 ਨੂੰ ਅਹੁਦੇ ਤੋਂ ਹਟਾਈ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਏਅਰ ਫੋਰਸ ਦੇ ਜਹਾਜ਼ ਰਾਹੀਂ ਬੰਗਲਾਦੇਸ਼ ਛੱਡਣ ਦੀ ਵੀਡੀਓ ਬਣਾਈ ਸੀ।
ਟੋਂਗੀ ਰਿਵਰ ਪੁਲੀਸ ਚੌਕੀ ਦੇ ਇੰਚਾਰਜ ਅਧਿਕਾਰੀ ਫਿਰੋਜ਼ ਉਦ-ਦੀਨ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਨੂੰ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਨੇ ਤੁਰਾਗ ਨਦੀ ਦੇ ਰਾਜਾਬਾੜੀ ਘਾਟ ਇਲਾਕੇ ਤੋਂ ਲਾਸ਼ ਬਰਾਮਦ ਕੀਤੀ। ਮ੍ਰਿਤਕ ਨੇ ਚਿੱਟੇ ਰੰਗ ਦੀ ਪੈਂਟ ਅਤੇ ਕਾਲੇ ਰੰਗ ਦੀ ਕਮੀਜ਼ ਪਾਈ ਹੋਈ ਸੀ।
ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਬਾਅਦ ਵਿੱਚ ਪੋਸਟਮਾਰਟਮ ਲਈ ਸ਼ਹੀਦ ਸੁਹਰਾਵਰਦੀ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਲਾਸ਼ 'ਤੇ ਸੱਟ ਦੇ ਕੋਈ ਨਿਸ਼ਾਨ ਸਨ, ਤਾਂ ਉਨ੍ਹਾਂ ਨੇ ਸਿੱਧਾ ਜਵਾਬ ਦੇਣ ਤੋਂ ਟਾਲ-ਮਟੋਲ ਕੀਤੀ।
'ਡੇਲੀ ਸਟਾਰ' ਅਖ਼ਬਾਰ ਦੀ ਰਿਪੋਰਟ ਮੁਤਾਬਕ, ਲਾਸ਼ ਕੋਲੋਂ ਮਿਲੇ ਇੱਕ ਫੋਨ ਅਤੇ ਗੁੱਟ-ਘੜੀ ਦੀ ਮਦਦ ਨਾਲ ਉਸਦੀ ਪਛਾਣ ਹੋ ਸਕੀ। ਗ੍ਰਹਿ ਮੰਤਰੀ ਸਲਾਹ-ਉਦ-ਦੀਨ ਅਹਿਮਦ ਨੇ ਇਹ ਪੁੱਛੇ ਜਾਣ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਕੀ ਇਹ ਘਟਨਾ ਸਾਬਕਾ ਪ੍ਰਧਾਨ ਮੰਤਰੀ ਦੀ ਰਵਾਨਗੀ ਦੀ ਵੀਡੀਓ ਜਾਰੀ ਹੋਣ ਨਾਲ ਜੁੜੀ ਕਿਸੇ ਦੁਸ਼ਮਣੀ ਦਾ ਨਤੀਜਾ ਹੋ ਸਕਦੀ ਹੈ।
ਸੌਰੀ ਦੀ ਮੌਤ 'ਤੇ ਟਿੱਪਣੀ ਲਈ ਪੁੱਛੇ ਜਾਣ 'ਤੇ ਅਹਿਮਦ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਅਜੇ ਮੁਢਲੀ ਜਾਂਚ ਹੋਣੀ ਬਾਕੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੂਰੇ ਵੇਰਵੇ ਮਿਲਣ ਤੋਂ ਬਾਅਦ ਹੀ ਅਸੀਂ ਗੱਲ ਕਰਾਂਗੇ।"
ਬੰਗਾਲੀ ਭਾਸ਼ਾ ਦੇ ਅਖ਼ਬਾਰ 'ਪ੍ਰੋਥੋਮ ਆਲੋ' ਨੇ ਰਿਪੋਰਟ ਦਿੱਤੀ ਕਿ ਸੌਰੀ ਨੇ ਮੰਗਲਵਾਰ ਨੂੰ ਪੂਰਾ ਦਿਨ ਆਪਣੀ ਮਾਂ ਨਾਲ ਖਰੀਦਦਾਰੀ ਕੀਤੀ ਸੀ। ਸ਼ਾਮ ਨੂੰ ਇੱਕ ਦੋਸਤ ਦਾ ਫੋਨ ਆਉਣ ਤੋਂ ਬਾਅਦ ਉਹ ਘਰੋਂ ਨਿਕਲ ਗਿਆ। ਰਾਤ ਨੂੰ ਸੌਰੀ ਨੇ ਆਪਣੀ ਮਾਂ ਨੂੰ ਮੈਸੇਜ (ਸੁਨੇਹਾ) ਭੇਜਿਆ ਕਿ ਉਹ ਘਰ ਵਾਪਸ ਆ ਰਿਹਾ ਹੈ, ਪਰ ਉਹ ਕਦੇ ਵਾਪਸ ਨਹੀਂ ਆਇਆ।
ਸੌਰੀ ਨੂੰ ਅਗਸਤ 2024 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਖ਼ਬਰਾਂ ਮੁਤਾਬਕ ਉਹ ਖੁਫੀਆ ਏਜੰਸੀਆਂ ਦੀ ਨਿਗਰਾਨੀ ਹੇਠ ਸੀ। ਜੁਲਾਈ ਵਿੱਚ ਇੱਕ ਸੋਸ਼ਲ ਮੀਡੀਆ ਪੋਡਕਾਸਟ ਦੌਰਾਨ ਸੌਰੀ ਨੂੰ ਪੁੱਛਿਆ ਗਿਆ ਸੀ ਕਿ ਕੀ ਹਸੀਨਾ ਦੇ ਜਾਣ ਦੀ ਵੀਡੀਓ ਬਣਾਉਣ ਕਾਰਨ ਉਸਦੀ ਨੌਕਰੀ ਗਈ ਸੀ। ਇਸ 'ਤੇ ਉਸਨੇ ਛੋਟਾ ਜਿਹਾ ਜਵਾਬ ਦਿੱਤਾ ਸੀ, "ਹੋ ਸਕਦਾ ਹੈ"।
ਪਿਛਲੇ ਸਾਲ ਅਗਸਤ ਵਿੱਚ ਦਿੱਤੇ ਇੱਕ ਬਿਆਨ ਵਿੱਚ, ਫੌਜ ਨੇ ਕਿਹਾ ਸੀ ਕਿ ਸੌਰੀ ਨੂੰ ਬਿਨਾਂ ਕਿਸੇ ਦੋਸ਼ ਦੇ ਅਤੇ ਵੱਖ-ਵੱਖ ਹਾਲਾਤ ਵਿੱਚ ਸੰਸਥਾਗਤ ਨਿਯਮਾਂ ਅਨੁਸਾਰ ਸੇਵਾਮੁਕਤ ਕਰ ਦਿੱਤਾ ਗਿਆ ਸੀ।

