DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Halwar Airport ਤੋਂ 21 ਗਲੋਬਲ ਤੇ 23 ਘਰੇਲੂ ਸ਼ਹਿਰਾਂ ਲਈ ਉਡਾਣਾਂ ਸ਼ੁਰੂ

ਐਸੋਸੀਏਸ਼ਨ ਆਫ਼ ਏਅਰ ਇੰਡੀਆ ਵੱਲੋਂ ਦਿੱਲੀ ਰਾਹੀਂ ਕਨੈਕਟਿੰਗ ਫਲਾਈਟਾਂ ਦਾ ਐਲਾਨ; ਹੁਣ ਕੌਮਾਂਤਰੀ ਸਫ਼ਰ ਲਈ ਅੰਮ੍ਰਿਤਸਰ ਜਾਂ ਮੋਹਾਲੀ ਜਾਣ ਦੀ ਲੋੜ ਨਹੀਂ

  • fb
  • twitter
  • whatsapp
  • whatsapp
Advertisement

ਲੁਧਿਆਣਾ ਦੇ ਹਲਵਾਰਾ ਹਵਾਈ ਅੱਡੇ (Halwara Airport) ਨੇ ਆਖਰਕਾਰ ਉਦਯੋਗਿਕ ਨਗਰੀ ਨੂੰ ਵਿਸ਼ਵ ਹਵਾਲਾਬਾਜ਼ੀ (aviation) ਦੇ ਨਕਸ਼ੇ ’ਤੇ ਸਥਾਪਿਤ ਕਰ ਦਿੱਤਾ ਹੈ। 'ਏਅਰ ਇੰਡੀਆ' (Air India) ਵੱਲੋਂ ਦਿੱਲੀ ਦੇ ਰਸਤੇ ਦੇਸ਼ ਦੇ 23 ਪ੍ਰਮੁੱਖ ਸ਼ਹਿਰਾਂ ਅਤੇ 21 ਕੌਮਾਂਤਰੀ ਮੰਜ਼ਿਲਾਂ ਲਈ ਕਨੈਕਟਿੰਗ ਉਡਾਣਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਲੁਧਿਆਣਾ ਅਤੇ ਆਲੇ-ਦੁਆਲੇ ਦੇ ਜ਼ਿਲ੍ਹਿਆਂ ਦੇ ਵਸਨੀਕਾਂ ਲਈ ਇਹ ਇੱਕ ਇਤਿਹਾਸਕ ਮੋੜ ਹੈ, ਕਿਉਂਕਿ ਹੁਣ ਉਨ੍ਹਾਂ ਨੂੰ ਕੌਮਾਂਤਰੀ ਉਡਾਣਾਂ ਫੜਨ ਲਈ ਅੰਮ੍ਰਿਤਸਰ ਜਾਂ ਮੋਹਾਲੀ (ਚੰਡੀਗੜ੍ਹ) ਦੇ ਹਵਾਈ ਅੱਡਿਆਂ ਤੱਕ ਸੜਕ ਰਾਹੀਂ ਲੰਮਾ ਸਫ਼ਰ ਤੈਅ ਨਹੀਂ ਕਰਨਾ ਪਵੇਗਾ। ਹੁਣ ਯਾਤਰੀ ਹਲਵਾਰਾ ਤੋਂ ਬੋਰਡਿੰਗ ਕਰਕੇ ਦਿੱਲੀ ਪਹੁੰਚ ਸਕਦੇ ਹਨ, ਅਤੇ ਉੱਥੋਂ ਬਿਨਾਂ ਕਿਸੇ ਪਰੇਸ਼ਾਨੀ ਦੇ ਅਮਰੀਕਾ (USA), ਕੈਨੇਡਾ, ਬ੍ਰਿਟੇਨ (UK), ਯੂਰਪ, ਖਾੜੀ ਦੇਸ਼ਾਂ (Gulf Nations) ਅਤੇ ਏਸ਼ੀਆ-ਪੈਸੀਫਿਕ ਦੇ ਦੇਸ਼ਾਂ ਲਈ ਉਡਾਣ ਭਰ ਸਕਦੇ ਹਨ।

ਇਹੀ ਸਹੂਲਤ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਮੁਸਾਫ਼ਰਾਂ 'ਤੇ ਵੀ ਲਾਗੂ ਹੋਵੇਗੀ। ਦੁਨੀਆ ਭਰ ਤੋਂ ਆਉਣ ਵਾਲੇ ਪ੍ਰਵਾਸੀ ਦਿੱਲੀ ਰਾਹੀਂ ਆਸਾਨੀ ਨਾਲ ਲੁਧਿਆਣਾ ਪਹੁੰਚ ਸਕਣਗੇ। ਇਸ ਨਵੀਂ ਹਵਾਈ ਕਨੈਕਟੀਵਿਟੀ ਨਾਲ ਨਾ ਸਿਰਫ਼ ਕੀਮਤੀ ਸਮੇਂ ਦੀ ਬਚਤ ਹੋਵੇਗੀ, ਬਲਕਿ ਇਸ ਖੇਤਰ ਦੇ ਉਦਯੋਗਿਕ ਵਿਕਾਸ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਲੁਧਿਆਣਾ ਦੇ ਕਾਰੋਬਾਰੀ, ਜੋ ਲੰਮੇ ਸਮੇਂ ਤੋਂ ਸਿੱਧੀਆਂ ਹਵਾਈ ਸੇਵਾਵਾਂ ਦੀ ਮੰਗ ਕਰ ਰਹੇ ਸਨ, ਇਸ ਨੂੰ ਰਾਸ਼ਟਰੀ ਅਤੇ ਗਲੋਬਲ ਬਾਜ਼ਾਰਾਂ ਤੱਕ ਤੇਜ਼ੀ ਨਾਲ ਪਹੁੰਚ ਬਣਾਉਣ ਵੱਲ ਇੱਕ ਵੱਡਾ ਕਦਮ ਮੰਨ ਰਹੇ ਹਨ।

Advertisement

ਏਅਰ ਇੰਡੀਆ ਨੇ ਸਪੱਸ਼ਟ ਕੀਤਾ ਹੈ ਕਿ ਫਿਲਹਾਲ ਸਿਰਫ਼ ਕਨੈਕਟਿੰਗ ਫਲਾਈਟਾਂ (ਦਿੱਲੀ ਰਾਹੀਂ) ਹੀ ਉਪਲਬਧ ਹਨ, ਪਰ ਜਿਵੇਂ-ਜਿਵੇਂ ਯਾਤਰੀਆਂ ਦੀ ਗਿਣਤੀ ਵਧੇਗੀ, ਹਲਵਾਰਾ ਤੋਂ ਪ੍ਰਮੁੱਖ ਸ਼ਹਿਰਾਂ ਲਈ ਸਿੱਧੀਆਂ (Direct) ਉਡਾਣਾਂ ਵੀ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਬੈਂਕਾਕ, ਕੋਲੰਬੋ, ਹੋ ਚੀ ਮਿਨਹ ਸਿਟੀ, ਕਾਠਮੰਡੂ, ਕੁਆਲਾਲੰਪੁਰ, ਮਨੀਲਾ, ਫੂਕੇਟ ਅਤੇ ਸਿੰਗਾਪੁਰ ਵਰਗੇ ਪ੍ਰਮੁੱਖ ਸ਼ਹਿਰਾਂ ਤੋਂ ਹਲਵਾਰਾ ਲਈ ਕਨੈਕਸ਼ਨ ਉਪਲਬਧ ਹੋਣਗੇ। ਇਨ੍ਹਾਂ ਥਾਵਾਂ ਤੋਂ ਉਡਾਣਾਂ ਆਮ ਤੌਰ ’ਤੇ ਸਵੇਰੇ ਜਾਂ ਦੇਰ ਰਾਤ ਦਿੱਲੀ ਪਹੁੰਚਣਗੀਆਂ, ਜਿੱਥੋਂ ਦੁਪਹਿਰ 12:55 ਵਜੇ ਹਲਵਾਰਾ ਲਈ ਅਗਲੀ ਉਡਾਣ (AI 483) ਮਿਲੇਗੀ। ਵਾਪਸੀ ਦਾ ਸਫ਼ਰ ਹਲਵਾਰਾ ਤੋਂ ਸਵੇਰੇ 7:55 ਵਜੇ ਸ਼ੁਰੂ ਹੋਵੇਗਾ, ਜੋ ਅੱਗੇ ਦੀਆਂ ਉਡਾਣਾਂ ਲਈ ਦਿੱਲੀ ਨਾਲ ਜੁੜੇਗਾ। ਦੁਬਈ, ਦੋਹਾ, ਜੇਦਾਹ ਅਤੇ ਰਿਆਧ ਵਰਗੇ ਸ਼ਹਿਰ ਦਿੱਲੀ ਰਾਹੀਂ ਜੁੜਨਗੇ। ਇੱਥੋਂ ਰਾਤ ਦੀਆਂ ਉਡਾਣਾਂ ਦਿੱਲੀ ਪੁੱਜਣਗੀਆਂ ਅਤੇ ਸਵੇਰੇ ਜਾਂ ਦੁਪਹਿਰ ਵੇਲੇ ਹਲਵਾਰਾ ਲਈ ਕਨੈਕਟਿੰਗ ਫਲਾਈਟ ਮਿਲੇਗੀ। ਲੰਡਨ, ਬਰਮਿੰਘਮ, ਫਰੈਂਕਫਰਟ, ਪੈਰਿਸ, ਐਮਸਟਰਡਮ, ਕੋਪਨਹੇਗਨ, ਮਿਲਾਨ, ਰੋਮ, ਵਿਆਨਾ ਅਤੇ ਜ਼ਿਊਰਿਖ ਤੋਂ ਸ਼ਾਮ ਦੀਆਂ ਉਡਾਣਾਂ ਸਵੇਰ ਤੱਕ ਦਿੱਲੀ ਪਹੁੰਚਣਗੀਆਂ, ਜਿਸ ਤੋਂ ਬਾਅਦ ਦੁਪਹਿਰ 12:55 ਵਜੇ ਹਲਵਾਰਾ ਦੀ ਉਡਾਣ ਮਿਲੇਗੀ। ਵਾਪਸੀ ਵੇਲੇ ਹਲਵਾਰਾ ਤੋਂ ਸਵੇਰੇ 7:55 ਵਜੇ ਚੱਲਣ ਵਾਲੀ ਫਲਾਈਟ ਦੁਪਹਿਰ ਤੱਕ ਇਨ੍ਹਾਂ ਯੂਰਪੀਅਨ ਹੱਬਾਂ ਨਾਲ ਲਿੰਕ ਹੋ ਜਾਵੇਗੀ। ਸੈਨ ਫਰਾਂਸਿਸਕੋ (USA) ਅਤੇ ਟੋਰਾਂਟੋ (ਕੈਨੇਡਾ) ਤੋਂ ਵੀ ਕਨੈਕਸ਼ਨ ਦਿੱਤੇ ਗਏ ਹਨ। ਸੈਨ ਫਰਾਂਸਿਸਕੋ ਦੀਆਂ ਉਡਾਣਾਂ ਲੰਬੇ ਸਫ਼ਰ ਤੋਂ ਬਾਅਦ ਰਾਤ ਨੂੰ ਦਿੱਲੀ ਪਹੁੰਚਣਗੀਆਂ, ਜਦੋਂ ਕਿ ਟੋਰਾਂਟੋ ਦੀਆਂ ਉਡਾਣਾਂ ਸਵੇਰੇ ਤੜਕੇ ਲੈਂਡ ਕਰਨਗੀਆਂ। ਇਹ ਦੋਵੇਂ ਉਡਾਣਾਂ ਦੁਪਹਿਰ 12:55 ਵਜੇ ਹਲਵਾਰਾ ਜਾਣ ਵਾਲੀ ਸੇਵਾ ਨਾਲ ਮੇਲ ਖਾਣਗੀਆਂ। ਵਾਪਸੀ ਲਈ ਹਲਵਾਰਾ ਤੋਂ ਸਵੇਰੇ 7:55 ਵਜੇ ਦੀ ਉਡਾਣ ਦਿੱਲੀ ਰਾਹੀਂ ਇਨ੍ਹਾਂ ਸ਼ਹਿਰਾਂ ਲਈ ਰਵਾਨਾ ਹੋਵੇਗੀ।

Advertisement

ਘਰੇਲੂ ਕਨੈਕਟੀਵਿਟੀ (ਹਲਵਾਰਾ ਏਅਰਪੋਰਟ)

ਹਲਵਾਰਾ ਹਵਾਈ ਅੱਡਾ ਦਿੱਲੀ ਕਨੈਕਸ਼ਨ ਰਾਹੀਂ ਲੁਧਿਆਣਾ ਨੂੰ ਸਿੱਧੇ ਤੌਰ ’ਤੇ ਦੇਸ਼ ਦੇ 23 ਪ੍ਰਮੁੱਖ ਸ਼ਹਿਰਾਂ ਨਾਲ ਜੋੜੇਗਾ। ਇਨ੍ਹਾਂ ਸ਼ਹਿਰਾਂ ਵਿੱਚ ਅਹਿਮਦਾਬਾਦ, ਮੁੰਬਈ, ਬੇਂਗਲੁਰੂ, ਚੇਨਈ, ਕੋਲਕਾਤਾ, ਹੈਦਰਾਬਾਦ, ਪੁਣੇ, ਜੈਪੁਰ, ਇੰਦੌਰ, ਲਖਨਊ, ਸ੍ਰੀਨਗਰ, ਭੋਪਾਲ, ਰਾਏਪੁਰ, ਦੇਹਰਾਦੂਨ, ਰਾਜਕੋਟ, ਵਡੋਦਰਾ, ਵਿਜੇਵਾੜਾ, ਔਰੰਗਾਬਾਦ, ਤਿਰੂਵਨੰਤਪੁਰਮ, ਗੋਆ, ਕੋਚੀ, ਭੁਵਨੇਸ਼ਵਰ ਅਤੇ ਵਿਸ਼ਾਖਾਪਟਨਮ ਸ਼ਾਮਲ ਹਨ।

Advertisement
×