ਮੁੰਬਈ, 25 ਸਤੰਬਰ
ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਮੁਤਾਬਕ ਕੇਂਦਰੀ ਬੈਂਕ (ਆਰਬੀਆਈ) ਨੇ ਦੇਖਿਆ ਹੈ ਕਿ ਵੱਡੇ ਕਾਰੋਬਾਰੀ ਬੈਂਕ ਦੇ ਬੋਰਡ ਵਿਚ ਇਕ ਜਾਂ ਦੋ ਮੈਂਬਰਾਂ ਦਾ ‘ਜ਼ਿਆਦਾ ਦਬਦਬਾ’ ਰਹਿੰਦਾ ਹੈ। ਦਾਸ ਨੇ ਨਾਲ ਹੀ ਬੈਂਕਾਂ ਨੂੰ ਇਸ ਨੂੰ ਦਰੁਸਤ ਕਰਨ ਲਈ ਕਿਹਾ। ਉਨ੍ਹਾਂ 30 ਅਗਸਤ ਨੂੰ ਇਹ ਭਾਸ਼ਣ ਦਿੱਤਾ ਸੀ ਤੇ ਇਸ ਦਾ ਵੀਡੀਓ ਆਰਬੀਆਈ ਨੇ ਅੱਜ ਯੂਟਿਊਬ ਉਤੇ ਅਪਲੋਡ ਕੀਤਾ ਹੈ। ਦਾਸ ਨੇ ਇੱਥੇ ਆਰਬੀਆਈ ਵੱਲੋਂ ਕਰਵਾਈ ਇਕ ਬੈਠਕ ਵਿਚ ਸ਼ਹਿਰੀ ਸਹਿਕਾਰੀ ਬੈਂਕਾਂ (ਯੂਸੀਬੀਜ਼) ਦੇ ਡਾਇਰੈਕਟਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੋਰਡ ਵਿਚ ਚਰਚਾ ਸੁਤੰਤਰ, ਨਿਰਪੱਖ ਤੇ ਲੋਕਤੰਤਰਿਕ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੋਰਡ ਦੇ ਇਕ ਜਾਂ ਦੋ ਮੈਂਬਰਾਂ, ਚੇਅਰਮੈਨ ਜਾਂ ਉਪ-ਚੇਅਰਮੈਨ ਦਾ ਜ਼ਿਆਦਾ ਪ੍ਰਭਾਵ ਜਾਂ ਦਬਦਬਾ ਨਹੀਂ ਹੋਣਾ ਚਾਹੀਦਾ। ਦਾਸ ਨੇ ਕਿਹਾ ਕਿ ਸਾਰੇ ਡਾਇਰੈਕਟਰਾਂ ਨੂੰ ਬੋਲਣ ਦਾ ਮੌਕਾ ਮਿਲਣਾ ਚਾਹੀਦਾ ਹੈ ਤੇ ਕਿਸੇ ਮਾਮਲੇ ਉਤੇ ਕਿਸੇ ਖਾਸ ਡਾਇਰੈਕਟਰ ਦੀ ਗੱਲ ਆਖਰੀ ਨਹੀਂ ਹੋਣੀ ਚਾਹੀਦੀ। ਆਰਬੀਆਈ ਗਵਰਨਰ ਨੇ ਕਿਹਾ ਕਿ ਬੈਂਕ ਜਮ੍ਹਾਂ ਕਰਨ ਵਾਲਿਆਂ ਕਾਰਨ ਚੱਲਦੇ ਹਨ ਅਤੇ ਇੱਕ ਬੈਂਕਰ ਲਈ ਮੱਧਮ ਵਰਗ, ਗ਼ਰੀਬਾਂ ਤੇ ਸੇਵਾਮੁਕਤ ਲੋਕਾਂ ਦੀ ਮਿਹਨਤ ਦੀ ਕਮਾਈ ਦੀ ਸੁਰੱਖਿਆ ਕਿਸੇ ਮੰਦਰ ਜਾਂ ਗੁਰਦੁਆਰੇ ਜਾਣ ਨਾਲੋਂ ਜ਼ਿਆਦਾ ਪੁੰਨ ਦਾ ਕੰਮ ਹੈ। -ਪੀਟੀਆਈ