Ebola: ਕੈਂਪਾਂ ’ਚ ਰੱਖੇ ਲੋਕ ਬੁਨਿਆਦੀ ਸਹੂਲਤਾਂ ਤੋਂ ਸੱਖਣੇ
ਮੰਗਲਵਾਰ ਤੱਕ 1,000 ਤੋਂ ਵੱਧ ਸ਼ੱਕੀ ਮਾਮਲੇ ਅਤੇ ਘੱਟੋ-ਘੱਟ 220 ਮੌਤਾਂ ਦਰਜ ਕੀਤੀਆਂ
ਕਾਂਗੋ ਦੇ ਬੁਨੀਆ ਸ਼ਹਿਰ ਵਿੱਚ ਆਰਜ਼ੀ ਕੈਂਪਾਂ ਵਿੱਚ ਰਹਿ ਕੇ ਇਬੋਲਾ ਵਾਇਰਸ ਨਾਲ ਲੜ ਰਹੇ ਘਰੋਂ ਬੇਘਰ ਦਸ ਹਜ਼ਾਰ ਲੋਕ ਬੁਨਿਆਦੀ ਸਹੂਲਤਾਂ ਤੋਂ ਵੀ ਸੱਖਣੇ ਹਨ। ਕੈਂਪ ਵਿੱਚ ਹੱਥ ਪੇੈਰ ਧੋਣ ਲਈ ਮਹਿਜ਼ ਇਕ ਹੈਂਡਵਾਸ਼ਿੰਗ ਸਟੇਸ਼ਨ ਤੇ ਇਕ ਹੀ ਇਨਫਰਾਰੈੱਡ ਥਰਮਾਮੀਟਰ ਹੈ। ਇਥੇ ਮੌਜੂਦ ਲੋਕਾਂ ਨੂੰ ਕੁਝ ਵੀ ਖਾਣ ਪੀਣ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣ ਲਈ ਕਿਹਾ ਜਾਂਦਾ ਹੈ, ਪਰ ਕੁਝ ਖ਼ੁਸ਼ਕਿਸਮਤਾਂ ਨੂੰ ਹੀ ਇਹ (ਸਾਬਣ) ਮਿਲਦਾ ਹੈ। ਜਿਹੜੇ ਰਹਿ ਜਾਂਦੇ ਹਨ ਉਨ੍ਹਾਂ ਨੂੰ ਰੇਤ ਜਾਂ ਫਿਰ ਓਟਮੀਲ ਵਰਤਣ ਲਈ ਕਿਹਾ ਜਾਂਦਾ ਹੈ। ਕੈਂਪ ’ਚ ਸਾਫ਼ ਸਫ਼ਾਈ ਦਾ ਵੀ ਬੁਰਾ ਹਾਲ ਹੈ। ਇਸ ਅਖੌਤੀ ਆਈ ਐੱਸ ਪੀ ਕੈਂਪ ਵਿੱਚ ਰਹੀ ਰਹੀ ਫਰਾਂਸਿਸ ਲੈਵੇ ਜੈਂਗੁਜ਼ੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਮੈਨੂੰ ਡਰ ਹੈ ਕਿ ਅਸੀਂ ਇਥੇ ਬਿਨਾਂ ਕਿਸੇ ਸੁਰੱਖਿਆ ਦੇ ਰਹਿੰਦੇ ਹਾਂ। ਸਾਡੇ ਕੋਲ ਕੋਈ ਸੁਰੱਖਿਆ ਨਹੀਂ ਹੈ, ਨਾ ਪਾਣੀ ਹੈ ਨਾ ਸਾਬਣ ਹੈ, ਅਤੇ ਅਸੀਂ ਕਿਸੇ ਕੂੜੇ ਦੇ ਢੇਰ ਲਾਗੇ ਰਹਿ ਰਹੇ ਹਾਂ।’’ ਇਤੁਰੀ ਸੂਬੇ ਵਿੱਚ ਤੇਜ਼ੀ ਨਾਲ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ, ਕਿਉਂਕਿ ਰਾਹਤ ਤੇ ਬਚਾਅ ਕਾਰਜਾਂ ਵਿੱਚ ਲੱਗੇ ਕਰਮੀ ਤੇ ਸਿਹਤ ਕਰਮੀ ਲਾਗ ਵਾਲੀ ਬਿਮਾਰੀ, ਜਿਸ ਨੂੰ ਸਿਹਤ ਐਮਰਜੈਂਸੀ ਐਲਾਨਿਆ ਗਿਆ ਹੈ, ਨੂੰ ਫੈਲਣ ਤੋਂ ਰੋਕਣ ਵਿੱਚ ਜੁਟੇ ਹੋਏ ਹਨ; ਹਾਲਾਂਕਿ ਮੂਹਰਲੀ ਕਤਾਰ ਦੇ ਰਾਹਤ ਕਰਮੀ ਇਸ ਗੱਲੋਂ ਫ਼ਿਕਰਮੰਦ ਹਨ ਕਿ ਇਹ ਬਿਮਾਰੀ ਬੁਨੀਆ ਨੇੜਲੇ ਵੱਡੇ ਰਾਹਤ ਕੈਂਪਾਂ ਤੱਕ ਫੈਲ ਸਕਦੀ ਹੈ, ਜਿੱਥੇ ਹਜ਼ਾਰਾਂ ਲੋਕਾਂ ਨੂੰ ਸੀਮਤ ਥਾਂ ਵਿੱਚ ਰੱਖਿਆ ਹੈ ਤੇ ਇਨ੍ਹਾਂ ਨੂੰ ਬੁਨਿਆਦੀ ਸਾਫ਼ ਸਫ਼ਾਈ ਦੀਆਂ ਸਹੂਲਤਾਂ ਵੀ ਉਪਲਬਧ ਨਹੀਂ ਹਨ। ਯੂ ਐੱਨ ਮੁਤਾਬਕ ਇਬੋਲਾ ਵਾਇਰਸ ਕਰ ਕੇ ਹੁਣ ਤੱਕ ਇਤੁਰੀ ਵਿੱਚ ਦਸ ਲੱਖ ਲੋਕ ਘਰੋਂ ਬੇਘਰ ਹੋ ਚੁੱਕੇ ਹਨ। ਮੰਗਲਵਾਰ ਤੱਕ, 1,000 ਤੋਂ ਵੱਧ ਸ਼ੱਕੀ ਮਾਮਲੇ ਅਤੇ ਘੱਟੋ-ਘੱਟ 220 ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਯੂਗਾਂਡਾ ਵਿੱਚ ਸੱਤ ਤਸਦੀਕਸ਼ੁਦਾ ਕੇਸ ਸ਼ਾਮਲ ਸਨ; ਹਾਲਾਂਕਿ ਵਿਸ਼ਵ ਸਿਹਤ ਸੰਗਠਨ ਅਤੇ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੇ ਸਹਾਇਤਾ ਸਮੂਹਾਂ ਦਾ ਕਹਿਣਾ ਹੈ ਕਿ ਇਹ ਕਹਿਰ ਇਸ ਤੋਂ ਕਿਤੇ ਵੱਡਾ ਹੈ।

