ਗੱਲਬਾਤ ਨਾਲ ਮਤਭੇਦ ਹੋ ਸਕਦੇ ਨੇ ਹੱਲ; PM Rahman ਦੀ ਭਾਰਤ ਯਾਤਰਾ ਜਲਦ ਹੋਣ ਦੀ ਉਮੀਦ: ਹਾਈ ਕਮਿਸ਼ਨਰ
ਸ਼ੇਖ ਹਸੀਨਾ ਦੇ ਮੀਡੀਆ ਸੰਵਾਦ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਵਧਿਆ ਸੀ ਤਣਾਅ
ਬੰਗਲਾਦੇਸ਼ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਤ੍ਰਿਵੇਦੀ ਨੇ ਕਿਹਾ ਹੈ ਕਿ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਮਤਭੇਦਾਂ ਨੂੰ ਸਿਰਫ਼ ਗੱਲਬਾਤ ਰਾਹੀਂ ਹੀ ਸੁਲਝਾਇਆ ਜਾ ਸਕਦਾ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੀ ਭਾਰਤ ਯਾਤਰਾ "ਬਹੁਤ ਜਲਦ" ਹੋਵੇਗੀ।
ਤ੍ਰਿਵੇਦੀ ਦੀ ਇਹ ਟਿੱਪਣੀ ਐਤਵਾਰ ਨੂੰ ਅਜਿਹੇ ਸਮੇਂ ਆਈ ਜਦੋਂ 12-13 ਸਤੰਬਰ ਨੂੰ ਹੋਣ ਵਾਲੇ ਬ੍ਰਿਕਸ ਸਿਖ਼ਰ ਸੰਮੇਲਨ ਲਈ ਰਹਿਮਾਨ ਦੀ ਪ੍ਰਸਤਾਵਿਤ ਭਾਰਤ ਯਾਤਰਾ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਬੰਗਲਾਦੇਸ਼ ਵੱਲੋਂ ਬਰਖ਼ਾਸਤ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਹਵਾਲਗੀ ਦੀ ਮੰਗ ਕੀਤੇ ਜਾਣ ਦੇ ਵਿਚਕਾਰ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ।
'ਯੂ ਐੱਨ ਬੀ' ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਕ, ਢਾਕਾ ਵਿੱਚ ਆਇਰਲੈਂਡ ਦੇ ਕੌਂਸਲ ਜਨਰਲ ਮਸੂਦ ਜਮੀਲ ਖਾਨ ਅਤੇ ਉਨ੍ਹਾਂ ਦੀ ਪਤਨੀ ਕੇਟ ਜਾਰੋ ਖਾਨ ਵੱਲੋਂ ਆਯੋਜਿਤ ਰਾਤ ਦੇ ਖਾਣੇ ਵਿੱਚ ਤ੍ਰਿਵੇਦੀ ਨੇ ਕਿਹਾ ਕਿ ਬੰਗਲਾਦੇਸ਼ ਅਤੇ ਭਾਰਤ ਦੋ ਪ੍ਰਭੂਸੱਤਾ ਸੰਪੰਨ ਦੇਸ਼ ਹਨ ਅਤੇ ਦੋਵੇਂ ਸਿਰਫ਼ ਇੱਕ-ਦੂਜੇ ਨਾਲ ਸਰਹੱਦ ਹੀ ਸਾਂਝੀ ਨਹੀਂ ਕਰਦੇ, ਸਗੋਂ "ਇੱਕ ਸੁਪਨਾ ਵੀ ਸਾਂਝਾ ਕਰਦੇ ਹਨ।"
ਤ੍ਰਿਵੇਦੀ ਨੇ ਕਿਹਾ, "ਸਾਡੇ ਸਾਹਮਣੇ ਚੁਣੌਤੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਅਤੇ ਜੇਕਰ ਤੁਹਾਡੇ ਸਾਹਮਣੇ ਚੁਣੌਤੀਆਂ ਨਹੀਂ ਹਨ, ਤਾਂ ਉਹ ਲੋਕਤੰਤਰ ਨਹੀਂ ਹੈ।" ਉਨ੍ਹਾਂ ਨੇ ਦੁਵੱਲੇ ਮੁੱਦਿਆਂ ਦੇ ਹੱਲ ਵਿੱਚ ਗੱਲਬਾਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਕਿਹਾ, "ਮੁੱਦਿਆਂ ਦਾ ਹੱਲ ਸਿਰਫ਼ ਮਿਲ ਕੇ ਗੱਲਬਾਤ ਕਰਨ ਨਾਲ ਹੀ ਹੋ ਸਕਦਾ ਹੈ ਅਤੇ ਮੈਂ ਬਹੁਤ ਆਸ਼ਾਵਾਦੀ ਹਾਂ।" ਉਨ੍ਹਾਂ ਨੇ ਉਮੀਦ ਜਤਾਈ ਕਿ ਪ੍ਰਧਾਨ ਮੰਤਰੀ ਰਹਿਮਾਨ ਦੀ ਭਾਰਤ ਯਾਤਰਾ "ਬਹੁਤ ਜਲਦ" ਹੋਵੇਗੀ।
ਤ੍ਰਿਵੇਦੀ ਦੀਆਂ ਇਹ ਟਿੱਪਣੀਆਂ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਏ ਕੇ ਐੱਮ ਸ਼ਾਹਿਦੁਲ ਕਰੀਮ ਦੇ ਉਸ ਬਿਆਨ ਦੇ ਕੁਝ ਘੰਟੇ ਬਾਅਦ ਆਈਆਂ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਦੋਹਾਂ ਦੇਸ਼ਾਂ ਦੇ ਅਧਿਕਾਰੀ ਪਿਛਲੇ ਕਈ ਹਫ਼ਤਿਆਂ ਤੋਂ ਰਹਿਮਾਨ ਦੀ ਪ੍ਰਸਤਾਵਿਤ ਭਾਰਤ ਯਾਤਰਾ ਨੂੰ ਲੈ ਕੇ ਸੰਪਰਕ ਵਿੱਚ ਹਨ, ਪਰ ਯਾਤਰਾ ਲਈ "ਅਨੁਕੂਲ ਮਾਹੌਲ" ਤਿਆਰ ਕਰਨ ਦੀ ਲੋੜ ਹੈ।
ਤ੍ਰਿਵੇਦੀ ਨੇ ਰਹਿਮਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਹਾਂ ਨੂੰ "ਜਨਤਾ ਨਾਲ ਜੁੜੇ ਨੇਤਾ" ਦੱਸਦਿਆਂ ਕਿਹਾ ਕਿ ਜਦੋਂ ਦੋਵੇਂ ਨੇਤਾ ਮਿਲਣਗੇ ਅਤੇ ਗੱਲਬਾਤ ਕਰਨਗੇ ਤਾਂ ਕੋਈ ਵੀ ਮੁੱਦਾ ਅਣਸੁਲਝਿਆ ਨਹੀਂ ਰਹੇਗਾ।
ਹਾਲਾਂਕਿ, ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਦੋ ਪ੍ਰਭੂਸੱਤਾ ਸੰਪੰਨ ਦੇਸ਼ਾਂ ਵਿੱਚਕਾਰ ਮਤਭੇਦ ਹੋਣਾ ਸੁਭਾਵਿਕ ਹੈ ਅਤੇ ਦੋਵਾਂ ਨੂੰ ਆਪਣੇ-ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਕਾਫ਼ੀ ਜਗ੍ਹਾ ਮਿਲਣੀ ਚਾਹੀਦੀ ਹੈ।
ਉਨ੍ਹਾਂ ਨੇ ਕਿਹਾ, "ਸਾਨੂੰ ਆਪਣੀ ਜਗ੍ਹਾ ਚਾਹੀਦੀ ਹੈ। ਸਾਡੇ ਮਤਭੇਦ ਹਨ। ਸਾਡੇ ਆਪਣੇ ਤਰਕ ਹਨ। ਇਹ ਠੀਕ ਹੈ... ਮੇਰਾ ਉਦੇਸ਼ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਇੱਕ ਸੁਨਹਿਰੀ ਦੌਰ ਸਥਾਪਤ ਕਰਨਾ ਹੈ।"
ਜ਼ਿਕਰਯੋਗ ਹੈ ਕਿ ਰਹਿਮਾਨ ਦੀ ਪ੍ਰਸਤਾਵਿਤ ਭਾਰਤ ਯਾਤਰਾ ਦਾ ਮੁੱਦਾ ਹਾਲੀਆ ਦੋਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਆਈ ਗਿਰਾਵਟ ਕਾਰਨ ਮਹੱਤਵਪੂਰਨ ਹੋ ਗਿਆ ਹੈ। ਇਹ ਤਣਾਅ 5 ਅਗਸਤ ਨੂੰ ਨਵੀਂ ਦਿੱਲੀ ਤੋਂ ਸ਼ੇਖ ਹਸੀਨਾ ਵੱਲੋਂ ਡਿਜੀਟਲ ਮਾਧਿਅਮ ਨਾਲ ਕੀਤੇ ਗਏ ਮੀਡੀਆ ਸੰਵਾਦ ਤੋਂ ਬਾਅਦ ਵਧਿਆ। ਉਸ ਸੰਵਾਦ ਦੌਰਾਨ ਹਸੀਨਾ ਨੇ ਕਿਹਾ ਸੀ ਕਿ ਉਹ ਦਸੰਬਰ ਵਿੱਚ ਆਪਣੇ ਦੇਸ਼ ਪਰਤਣ ਅਤੇ ਲੋਕਤੰਤਰ ਬਹਾਲ ਕਰਕੇ ਦੇਸ਼ ਨੂੰ ''ਸਹੀ ਰਸਤੇ'' 'ਤੇ ਲਿਆਉਣ ਲਈ ਵਚਨਬੱਧ ਹੈ, ਭਾਵੇਂ ਉਨ੍ਹਾਂ ਨੂੰ ਜੇਲ੍ਹ ਜਾਂ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪਵੇ।
ਬੰਗਲਾਦੇਸ਼ ਨੇ ਇਸ ਪ੍ਰੈੱਸ ਕਾਨਫਰੰਸ 'ਤੇ ਨਾਰਾਜ਼ਗੀ ਜਤਾਉਂਦਿਆਂ ਕਿਹਾ ਸੀ ਕਿ ਇਸ ਨਾਲ ਉਸ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਭਾਰਤ ਨਾਲ ਦੁਵੱਲੇ ਸਬੰਧ ਸੁਧਾਰਨ ਦੇ ਯਤਨ ਪ੍ਰਭਾਵਿਤ ਹੋ ਸਕਦੇ ਹਨ।
ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਹਸੀਨਾ ਨਾਲ ਸਬੰਧਤ ਇਸ ਮੀਡੀਆ ਪ੍ਰੋਗਰਾਮ ਵਿੱਚ ਉਸਦੀ ਕੋਈ ਭੂਮਿਕਾ ਨਹੀਂ ਸੀ ਅਤੇ ਮੰਚ 'ਤੇ ਬੰਗਲਾਦੇਸ਼ ਸਰਕਾਰ ਬਾਰੇ ਕਹੀ ਗਈ ਕਿਸੇ ਵੀ ਗੱਲ ਦਾ ਉਹ ਸਮਰਥਨ ਨਹੀਂ ਕਰਦਾ।

