ਨੇਪਾਲ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1,450 ਤੋਂ ਪਾਰ; 6,000 ਤੋਂ ਵੱਧ ਅਜੇ ਵੀ ਲਾਪਤਾ
13,784 ਲੋਕਾਂ ਨੂੰ ਬਚਾਇਆ ਗਿਆ
ਨੇਪਾਲ ਵਿੱਚ ਪਿਛਲੇ ਮਹੀਨੇ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਐਤਵਾਰ ਨੂੰ 1,450 ਤੋਂ ਪਾਰ ਹੋ ਗਈ ਹੈ। ਨੇਪਾਲ ਪੁਲੀਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿੱਚੋਂ ਹੋਰ ਲਾਸ਼ਾਂ ਬਰਾਮਦ ਹੋਣ ਨਾਲ 26 ਅਗਸਤ ਦੇ ਹੜ੍ਹਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 1,451 ਤੱਕ ਪਹੁੰਚ ਗਈ ਹੈ।
ਨੇਪਾਲ-ਤਿੱਬਤ ਸਰਹੱਦ ਨੇੜਿਓਂ ਸ਼ੁਰੂ ਹੋਏ ਇਨ੍ਹਾਂ ਹੜ੍ਹਾਂ ਨੇ ਉੱਤਰੀ ਅਤੇ ਮੱਧ ਨੇਪਾਲ ਦੇ ਕਸਬਿਆਂ ਤੇ ਪਿੰਡਾਂ ਨੂੰ ਤਬਾਹ ਕਰ ਦਿੱਤਾ। ਭੋਟੇਕੋਸ਼ੀ ਨਦੀ, ਜੋ ਹਿਮਾਲੀਅਨ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਹਿੰਦੀ ਹੈ, ਹੜ੍ਹ ਦੇ ਪਾਣੀ ਨੂੰ ਹੇਠਾਂ ਵੱਲ ਲੈ ਆਈ, ਜਿਸ ਨੇ ਘਰਾਂ, ਵਾਹਨਾਂ, ਸੜਕਾਂ ਤੇ ਪੁਲਾਂ ਨੂੰ ਰੋੜ੍ਹ ਦਿੱਤਾ ਅਤੇ ਪਣ-ਬਿਜਲੀ (ਹਾਈਡ੍ਰੋਪਾਵਰ) ਪ੍ਰਾਜੈਕਟਾਂ ਨੂੰ ਨੁਕਸਾਨ ਪਹੁੰਚਾਇਆ।
ਪੁਲੀਸ ਬਿਆਨ ਅਨੁਸਾਰ ਨੇਪਾਲ ਦੇ ਚਿਤਵਨ ਜ਼ਿਲ੍ਹੇ ਵਿੱਚੋਂ ਹੁਣ ਤੱਕ 367 ਲਾਸ਼ਾਂ ਬਰਾਮਦ ਹੋਈਆਂ ਹਨ। ਇਸੇ ਤਰ੍ਹਾਂ ਰਸੂਵਾ ਵਿੱਚੋਂ 236 ਲਾਸ਼ਾਂ, ਨਵਲਪਰਾਸੀ ਪੂਰਬੀ ਵਿੱਚੋਂ 232, ਨਵਲਪਰਾਸੀ ਪੱਛਮੀ ਵਿੱਚੋਂ 222, ਨੁਵਾਕੋਟ ਵਿੱਚੋਂ 203 , ਗੋਰਖਾ ਵਿੱਚੋਂ 79, ਧਾਦਿੰਗ ਵਿੱਚੋਂ 72 ਅਤੇ ਤਨਹੂ ਵਿੱਚੋਂ 38 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਾਠਮੰਡੂ ਦੇ ਹਸਪਤਾਲਾਂ ਵਿੱਚ ਇਲਾਜ ਦੌਰਾਨ ਹੜ੍ਹ ਦੇ ਦੋ ਪੀੜਤਾਂ ਦੀ ਵੀ ਮੌਤ ਹੋ ਗਈ। ਦੇਸ਼ ਭਰ ਵਿੱਚੋਂ ਹੁਣ ਤੱਕ ਹੜ੍ਹ ਪ੍ਰਭਾਵਿਤ 13,784 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।
ਨੇਪਾਲ ਪੁਲੀਸ ਨੇ ਅੰਦਾਜ਼ਾ ਲਗਾਇਆ ਹੈ ਕਿ ਹੜ੍ਹ ਤੋਂ ਬਾਅਦ ਲਗਪਗ 6,000 ਲੋਕ ਅਜੇ ਵੀ ਲਾਪਤਾ ਹਨ। ਨੇਪਾਲ ਵਿੱਚ ਲਾਪਤਾ ਲੋਕਾਂ ਦੀ ਭਾਲ ਰਸੂਵਾ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਦਰਿਆਈ ਖੇਤਰਾਂ, ਮਲਬੇ ਦੇ ਢੇਰਾਂ ਅਤੇ ਨੁਕਸਾਨੇ ਗਏ ਪਣ-ਬਿਜਲੀ ਪ੍ਰਾਜੈਕਟਾਂ ਵਿੱਚ ਲਗਾਤਾਰ ਜਾਰੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਰਨਾ ਵੀ ਇੱਕ ਵੱਡੀ ਚੁਣੌਤੀ ਬਣ ਗਿਆ ਹੈ, ਕਿਉਂਕਿ ਹੁਣ ਤੱਕ ਬਰਾਮਦ ਕੀਤੀਆਂ ਗਈਆਂ ਕੁੱਲ ਲਾਸ਼ਾਂ ਵਿੱਚੋਂ ਸਿਰਫ਼ 110 ਦੇ ਕਰੀਬ ਹੀ ਪਛਾਣ ਹੋਣ ਮਗਰੋਂ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਹਨ। ਅਧਿਕਾਰੀਆਂ ਮੁਤਾਬਕ ਪਾਣੀ ਦੇ ਵਹਾਅ ਨਾਲ ਹੇਠਾਂ ਵੱਲ ਰੁੜ੍ਹ ਜਾਣ ਕਰਕੇ ਮਿਲੀਆਂ ਲਾਸ਼ਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ, ਜਿਸ ਕਾਰਨ ਚਿਹਰੇ, ਕੱਪੜਿਆਂ ਜਾਂ ਨਿੱਜੀ ਸਾਮਾਨ ਤੋਂ ਉਨ੍ਹਾਂ ਦੀ ਪਛਾਣ ਕਰਨਾ ਔਖਾ ਹੋ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਡੀ ਐੱਨ ਏ (DNA) ਨਮੂਨੇ ਇਕੱਠੇ ਕਰਨ ਤੋਂ ਬਾਅਦ ਹੁਣ ਤੱਕ ਲਗਪਗ 1,300 ਲਾਸ਼ਾਂ ਨੂੰ ਆਰਜ਼ੀ ਤੌਰ 'ਤੇ ਦਫ਼ਨਾਇਆ ਗਿਆ ਹੈ।

