Cyprus Boat Accident: ਸਾਈਪ੍ਰਸ ਨੇੜੇ ਕਿਸ਼ਤੀ ਪਲਟੀ; ਸੱਤ ਹਲਾਕ
270 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਕਿਸ਼ਤੀ; 237 ਨੂੰ ਸੁਰੱਖਿਅਤ ਕੱਢਿਆ
Cyprus Boat Accident: ਉੱਤਰੀ ਸਾਈਪ੍ਰਸ ਦੇ ਸਮੁੰਦਰੀ ਕੰਢੇ ਕੋਲ ਕਰੀਬ 270 ਯਾਤਰੀਆਂ ਅਤੇ ਅਮਲੇ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ ਜਿਸ ਕਾਰਨ ਸੱਤ ਜਣਿਆਂ ਦੀ ਮੌਤ ਹੋ ਗਈ। ਉੱਤਰੀ ਸਾਈਪ੍ਰਸ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਹੁਣ ਤੱਕ 237 ਜਣਿਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ, ਜਦੋਂ ਕਿ ਬਾਕੀ ਰਹਿੰਦੇ 24 ਲਾਪਤਾ ਵਿਅਕਤੀਆਂ ਦੀ ਭਾਲ ਲਈ ਬਚਾਅ ਮੁਹਿੰਮ ਜਾਰੀ ਹੈ।
ਜਾਣਕਾਰੀ ਅਨੁਸਾਰ ਜਦੋਂ ਇਹ ਕਿਸ਼ਤੀ ਅਗਲੇ ਪੜਾਅ ਲਈ ਰਵਾਨਾ ਹੋਈ ਤਾਂ ਮਹਿਜ਼ 15 ਮਿੰਟ ਬਾਅਦ ਹੀ ਮੌਸਮ ਖਰਾਬ ਹੋ ਗਿਆ ਤੇ ਸਮੁੰਦਰੀ ਛੱਲਾਂ ਕਾਰਨ ਉਸ ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ। ਇਹ ਕਿਸ਼ਤੀ ਸਾਈਪ੍ਰਸ ਦੇ ਉੱਤਰੀ ਬੰਦਰਗਾਹ ਕਿਰੇਨੀਆ ਤੋਂ ਤੁਰਕੀ ਦੇ ਮੇਰਸਿਨ ਸੂਬੇ ਵੱਲ ਜਾ ਰਹੀ ਸੀ। ਕਿਰੇਨੀਆ ਦੇ ਮੇਅਰ ਮੁਰਾਤ ਸੇਨਕੁਲ ਨੇ ਦੱਸਿਆ ਕਿ ਇਹ ਕਿਸ਼ਤੀ 'ਫਿਲੋ ਡੇਨਿਜ਼ਸਿਲਿਕ' (Filo Denizcilik) ਕੰਪਨੀ ਦੀ ਸੀ ਜੋ ਕੰਢੇ ਤੋਂ ਲਗਭਗ 7.5 ਕਿਲੋਮੀਟਰ ਦੂਰ ਡਾਇਨਾ ਬੀਚ ਨੇੜੇ ਡੁੱਬ ਗਈ। ਘਟਨਾਸਥਲ ਦੀਆਂ ਵੀਡੀਓ ਫੁਟੇਜ ਵਿੱਚ ਯਾਤਰੀਆਂ ਨੇ ਲਾਈਫ ਜੈਕਟਾਂ ਪਾਈਆਂ ਹੋਈਆਂ ਹਨ ਅਤੇ ਉਹ ਪਲਟੀ ਹੋਈ ਕਿਸ਼ਤੀ ਦੇ ਆਲੇ-ਦੁਆਲੇ ਪਾਣੀ ਵਿੱਚ ਤਰਦੇ ਹੋਏ ਨਜ਼ਰ ਆ ਰਹੇ ਹਨ।

