ਕਰੋਨਾ: ਕੇਂਦਰ ਵੱਲੋਂ ਮਾਮਲਿਆਂ ’ਚ ਵਾਧੇ ਦੀ ਸਮੀਖਿਆ
ਕੇਂਦਰ ਸਰਕਾਰ ਨੇ ਅੱਜ ਦੇਸ਼ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਸਾਰੇ ਮੌਜੂਦਾ ਸਰਗਰਮ ਮਾਮਲਿਆਂ ਵਿੱਚ ਹਲਕੇ ਲੱਛਣ ਪਾਏ ਗਏ ਹਨ। ਕੇਂਦਰੀ ਸਿਹਤ ਸਕੱਤਰ ਪੁਨਿਆ ਸਲਿਲਾ ਸ੍ਰੀਵਾਸਤਵ ਨੇ ਅੱਜ ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਭਾਰਤੀ ਮੈਡੀਕਲ ਖੋਜ ਕਾਊਂਸਿਲ ਦੇ ਡਾਇਰੈਕਟਰ ਜਨਰਲ ਰਾਜੀਵ ਬਹਿਲ, ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਅਤੇ ਕੌਮੀ ਰੋਗ ਕੰਟਰੋਲ ਕੇਂਦਰ (ਐੱਨਸੀਡੀਸੀ) ਦੇ ਡਾਇਰੈਕਟਰ ਦੇ ਨਾਲ ਸਮੀਖਿਆ ਕੀਤੀ। ਸਰਕਾਰੀ ਅਧਿਕਾਰੀਆਂ ਨੇ ਕਿਹਾ, ‘‘ਕੋਵਿਡ-19 ਦੇ ਕੁਝ ਮਾਮਲੇ ਮੁੱਖ ਤੌਰ ’ਤੇ ਕੇਰਲਾ, ਤਾਮਿਲਨਾਡੂ, ਮਹਾਰਾਸ਼ਟਰ ਅਤੇ ਕਰਨਾਟਕ ਤੋਂ ਸਾਹਮਣੇ ਆਏ ਹਨ। ਇਹ ਧਿਆਨ ਦੇਣ ਯੋਗ ਹੈ ਕਿ ਏਕੀਕ੍ਰਿਤ ਰੋਕ ਨਿਗਰਾਨੀ ਪ੍ਰੋਗਰਾਮ (ਆਈਡੀਐੱਸਪੀ) ਅਤੇ ਆਈਸੀਐੱਮਆਰ ਦੇ ਕੁੱਲ ਹਿੰਦ ਸਾਹ ਸਬੰਧੀ ਵਾਇਰਸ ਸੈਂਟੀਨੇਲ ਨਿਗਰਾਨੀ ਨੈੱਟਵਰਕ ਰਾਹੀਂ ਕੋਵਿਡ-19 ਸਣੇ ਸਾਹ ਸਬੰਧੀ ਬਿਮਾਰੀਆਂ ਦੀ ਨਿਗਰਾਨੀ ਲਈ ਇਕ ਮਜ਼ਬੂਤ ਕੁੱਲ ਹਿੰਦ ਪ੍ਰਣਾਲੀ ਹੈ।’’
ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੌਜੂਦਾ ਮਾਮਲੇ ਮਾਮੂਲੀ ਲੱਛਣਾਂ ਵਾਲੇ ਹਨ ਅਤੇ ਉਨ੍ਹਾਂ ਦੀ ਘਰ ਵਿੱਚ ਹੀ ਦੇਖਭਾਲ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਹਾਲ ਦੇ ਦਿਨਾਂ ਵਿੱਚ ਸਿੰਗਾਪੁਰ, ਹਾਂਗਕਾਂਗ ਅਤੇ ਹੋਰ ਦੇਸ਼ਾਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧੇ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਸਬੰਧਤ ਕੌਮੀ ਆਈਐੱਚਆਰ (ਕੌਮਾਂਤਰੀ ਸਿਹਤ ਰੈਗੂਲੇਸ਼ਨ) ਫੋਕਲ ਪੁਆਇੰਟਾਂ ਤੋਂ ਇਹ ਪਤਾ ਲੱਗਿਆ ਹੈ ਕਿ ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਕੋਵਿਡ-19 ਦੇ ਇਸ ਵੇਲੇ ਪ੍ਰਸਾਰਿਤ ਹੋ ਰਹੇ ਸਰੂਪ ਵਧੇਰੇ ਫੈਲਣਯੋਗ ਹਨ ਜਾਂ ਪਹਿਲਾਂ ਪ੍ਰਸਾਰਿਤ ਹੋ ਚੁੱਕੇ ਸਰੂਪ ਦੇ ਮੁਕਾਬਲੇ ਵਧੇਰੇ ਗੰਭੀਰ ਬਿਮਾਰੀ ਦਾ ਕਾਰਨ ਬਣਦੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਚੌਕਸ ਹੈ ਅਤੇ ਆਪਣੀਆਂ ਕਈ ਏਜੰਸੀਆਂ ਰਾਹੀਂ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ।