France ਵਿੱਚ ਭਿਆਨਕ ਜੰਗਲੀ ਅੱਗ ਕਾਰਨ ਹਾਲਾਤ ਵਿਗੜੇ; ਢਾਈ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ
ਗੁਆਂਢੀ ਦੇਸ਼ ਸਪੇਨ ਵਿੱਚ ਵੀ ਸਥਿਤੀ ਗੰਭੀਰ ਬਣੀ
ਦੱਖਣੀ-ਪੱਛਮੀ ਫ਼ਰਾਂਸ ਵਿੱਚ ਭਿਆਨਕ ਜੰਗਲੀ ਅੱਗ ਕਾਰਨ ਐਤਵਾਰ ਰਾਤ ਹੋਰ 55,000 ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ। ਸ਼ਰਾਬ ਲਈ ਦੁਨੀਆ ਭਰ ਵਿੱਚ ਮਸ਼ਹੂਰ ਸ਼ਹਿਰ ਬੋਰਦੋ ਦੇ ਨੇੜੇ ਤੱਕ ਅੱਗ ਫੈਲਣ ਦੇ ਦਰਮਿਆਨ, ਕੇਵਲ ਇੱਕੋ ਇਲਾਕੇ ਵਿੱਚੋਂ ਹੁਣ ਤੱਕ 2.20 ਲੱਖ ਲੋਕਾਂ ਨੂੰ ਕੱਢਿਆ ਜਾ ਚੁੱਕਾ ਹੈ।
ਫ਼ਰਾਂਸ ਦੇ ਗਿਰੋਂਡ ਖੇਤਰ ਦੇ ਅਧਿਕਾਰੀਆਂ ਨੇ ਬੋਰਦੋ ਦੇ ਦੱਖਣੀ-ਪੱਛਮ ਵਿੱਚ ਸਥਿਤ ਪੰਜ ਹੋਰ ਇਲਾਕਿਆਂ ਨੂੰ ਰਾਤ ਨੂੰ ਖਾਲੀ ਕਰਾਉਣ ਦੇ ਹੁਕਮ ਜਾਰੀ ਕੀਤੇ।
ਫ਼ਰਾਂਸ ਦੇ ਗ੍ਰਹਿ ਮੰਤਰੀ ਲੌਰੈਂਟ ਨੁਨੇਜ਼ ਨੇ ਕਿਹਾ, "ਸਥਿਤੀ ਹੁਣ ਵੀ ਬੇਹੱਦ ਪ੍ਰਤੀਕੂਲ ਬਣੀ ਹੋਈ ਹੈ।"
ਅੱਗ ਬਝਾਉਣ ਵਾਲੇ ਕਰਮੀ ਸਥਿਤੀ ਉੱਤੇ ਕਾਬੂ ਪਾਉਣ ਲਈ ਚੌਵੀ ਘੰਟੇ ਮਸ਼ੱਕਤ ਕਰ ਰਹੇ ਹਨ। ਇਸ ਭਿਆਨ ਅੱਗ ਨੇ ਹੁਣ ਤੱਕ ਪੈਰਿਸ ਸ਼ਹਿਰ ਦੇ ਆਕਾਰ ਤੋਂ ਚਾਰ ਗੁਣਾ ਵੱਡੇ ਖੇਤਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
ਨੁਨੇਜ਼ ਨੇ 'ਐਕਸ' 'ਤੇ ਲਿਖਿਆ, "ਅੱਗ ਇੱਕ ਵਾਰ ਫਿਰ ਬੇਹੱਦ ਖਤਰਨਾਕ ਅਤੇ ਅਣਕਿਆਸੀ ਹੋ ਗਈ ਹੈ। ਇਹ ਹੁਣ ਬੋਰਦੋ ਮਹਾਨਗਰੀ ਖੇਤਰ ਵੱਲ ਵਧ ਰਹੀ ਹੈ।"
ਅਧਿਕਾਰੀਆਂ ਵੱਲੋਂ ਜਾਰੀ ਬਿਆਨ ਦੇ ਅਨੁਸਾਰ, ਰਾਤ ਨੂੰ ਚੱਲੀਆਂ ਤੇਜ਼ ਤੂਫ਼ਾਨੀ ਹਵਾਵਾਂ ਨੇ ਅੱਗ ਨੂੰ ਹੋਰ ਭੜਕਾ ਦਿੱਤਾ।
ਬੋਰਦੋ ਦੇ ਮੇਅਰ ਨੇ ਕਿਹਾ, "ਅੱਗ ਹੁਣ ਵੀ ਮਹਾਨਗਰੀ ਖੇਤਰ ਦੀ ਹੱਦ ਦੇ ਨੇੜੇ ਸੁਲਗ ਰਹੀ ਹੈ।" ਉਨ੍ਹਾਂ ਕਿਹਾ ਕਿ ਇਸ ਸਮੇਂ ਜਿੱਥੇ ਅੱਗ ਸੁਲਗ ਰਹੀ ਹੈ, ਉਹ ਥਾਂ ਸ਼ਹਿਰ ਤੋਂ ਸਿਰਫ਼ 15 ਕਿਲੋਮੀਟਰ ਦੂਰ ਹੈ।
ਉੱਧਰ, ਗੁਆਂਢੀ ਦੇਸ਼ ਸਪੇਨ ਵਿੱਚ ਵੀ ਸਥਿਤੀ ਗੰਭੀਰ ਬਣੀ ਹੋਈ ਹੈ। ਮੈਡ੍ਰਿਡ ਦੇ ਪੱਛਮ ਵਿੱਚ ਲੱਗੀ ਜੰਗਲੀ ਅੱਗ ਕਾਰਨ ਇਸ ਹਫ਼ਤੇ 76,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।

