Chicago Hindu Temple: ਸ਼ਿਕਾਗੋ ਨੇੜੇ ਹਿੰਦੂ ਮੰਦਰ 'ਤੇ ਗੋਲੀਬਾਰੀ ਦੀ ਸਾਜ਼ਿਸ਼ ਨਾਕਾਮ
ਦੱਖਣੀ ਏਸ਼ਿਆਈ ਭਾਈਚਾਰੇ 'ਚ ਡਰ
Advertisement
ਸ਼ਿਕਾਗੋ ਨੇੜੇ ਇੱਕ ਹਿੰਦੂ ਮੰਦਰ ਵਿੱਚ ਗੋਲੀਬਾਰੀ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਹਾਲਾਂਕਿ ਇਸ ਮਗਰੋਂ ਇਲਾਕੇ ਦੇ ਦੱਖਣੀ ਏਸ਼ਿਆਈ ਭਾਈਚਾਰੇ ਵਿੱਚ ਡਰ ਦਾ ਮਾਹੌਲ ਹੈ। ਸਰਕਾਰੀ ਵਕੀਲਾਂ ਅਨੁਸਾਰ, 11 ਅਕਤੂਬਰ ਨੂੰ ਨਵਰਾਤਰਿਆਂ ਦੇ ਤਿਉਹਾਰ ਮੌਕੇ 19 ਸਾਲਾ ਅਲੈਗਜ਼ੈਂਡਰੋਸ ਪਾਪੋਰਾਕਿਸ ਇਲੀਨੋਇਸ ਦੇ ਔਰੋਰਾ ਸਥਿਤ ਸ੍ਰੀ ਵੈਂਕਟੇਸ਼ਵਰ ਸਵਾਮੀ (ਬਾਲਾਜੀ) ਮੰਦਰ ਪਹੁੰਚਿਆ। ਉਹ ਰਾਈਫਲ ਲੈ ਕੇ ਮੰਦਰ ਦੀ ਪਾਰਕਿੰਗ ਵਿੱਚ ਬੈਠਾ ਸੀ, ਪਰ ਹਥਿਆਰ ਜਾਮ ਹੋਣ ਕਾਰਨ ਗੋਲੀ ਚਲਾਏ ਬਿਨਾਂ ਹੀ ਫਰਾਰ ਹੋ ਗਿਆ।
'ਟੈਕੋ ਬੈੱਲ' ਦੇ ਇੱਕ ਕਰਮਚਾਰੀ ਦੀ ਸੂਚਨਾ ਤੋਂ ਬਾਅਦ, ਪੁਲੀਸ ਨੇ ਪਾਪੋਰਾਕਿਸ ਨੂੰ ਉਸੇ ਦਿਨ ਸ਼ਿਕਾਗੋ ਤੋਂ ਕਰੀਬ 64 ਕਿਲੋਮੀਟਰ ਦੂਰ ਪੈਲੇਟਾਈਨ ਸਥਿਤ ਉਸਦੇ ਘਰ ਨੇੜਿਓਂ ਗ੍ਰਿਫ਼ਤਾਰ ਕਰ ਲਿਆ। ਉਸ 'ਤੇ ਅਤਿਵਾਦੀ ਧਮਕੀ ਦੇਣ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਗੰਭੀਰ ਦੋਸ਼ ਲੱਗੇ ਹਨ। ਅਧਿਕਾਰੀਆਂ ਨੂੰ ਉਸਦੇ ਘਰੋਂ ਹਥਿਆਰ, ਗੋਲਾ-ਬਾਰੂਦ, ਨਾਜ਼ੀ ਚਿੰਨ੍ਹ ਅਤੇ ਭਾਰਤੀਆਂ ਵਿਰੁੱਧ ਅਪਮਾਨਜਨਕ ਸ਼ਬਦ ਲਿਖੀ ਗੈਸ ਦੀ ਬੋਤਲ ਬਰਾਮਦ ਹੋਈ ਹੈ। ਉਸਨੇ ਇੱਕ ਨੋਟ ਵਿੱਚ ਵੱਧ ਤੋਂ ਵੱਧ ਗੈਰ-ਗੋਰੇ ਲੋਕਾਂ ਨੂੰ ਮਾਰਨ ਦੀ ਇੱਛਾ ਵੀ ਜ਼ਾਹਰ ਕੀਤੀ ਸੀ।
Advertisement
ਇਸ ਘਟਨਾ ਨੇ ਤਿਉਹਾਰਾਂ ਦੇ ਉਤਸ਼ਾਹ ਨੂੰ ਫਿੱਕਾ ਕਰ ਦਿੱਤਾ ਹੈ। 'ਦਿ ਸ਼ਿਕਾਗੋ ਕਸਮ' ਦੀ ਡਾਇਰੈਕਟਰ ਆਸ਼ਾ ਰਾਓ ਨੇ ਕਿਹਾ ਕਿ ਭਾਈਚਾਰਾ ਇਸ ਘਟਨਾ ਤੋਂ ਹੈਰਾਨ ਅਤੇ ਗੁੱਸੇ ਵਿੱਚ ਹੈ। ਕੁਝ ਲੋਕ ਘਰੋਂ ਬਾਹਰ ਨਿਕਲਣ ਤੋਂ ਝਿਜਕ ਰਹੇ ਹਨ, ਜਦਕਿ ਕਈਆਂ ਨੇ ਬਿਨਾਂ ਡਰ ਤਿਉਹਾਰ ਮਨਾਉਣ ਦਾ ਸੰਕਲਪ ਲਿਆ ਹੈ। ਇਸ ਦੌਰਾਨ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਐੱਫ ਬੀ ਆਈ (FBI) ਨੂੰ ਇਸ ਮਾਮਲੇ ਦੀ 'ਨਫ਼ਰਤੀ ਅਪਰਾਧ' (ਹੇਟ ਕ੍ਰਾਈਮ) ਵਜੋਂ ਜਾਂਚ ਕਰਨ ਦੀ ਅਪੀਲ ਕੀਤੀ ਹੈ।
ਸਰਕਾਰੀ ਵਕੀਲਾਂ ਮੁਤਾਬਕ ਪਾਪੋਰਾਕਿਸ ਖੁਦ ਨੂੰ ਚਿੱਟੀ ਨਸਲ ਦਾ ਸਰਵਉੱਚ (ਵਾਈਟ ਸੁਪਰੀਮਾਸਿਸਟ) ਅਤੇ ਨਵ-ਨਾਜ਼ੀ ਮੰਨਦਾ ਹੈ। 'ਸਟਾਪ ਏਏਪੀਆਈ ਹੇਟ' ਸੰਸਥਾ ਅਨੁਸਾਰ ਪਿਛਲੇ ਕੁਝ ਸਮੇਂ ਵਿੱਚ ਦੱਖਣੀ ਏਸ਼ਿਆਈ ਲੋਕਾਂ ਵਿਰੁੱਧ ਆਨਲਾਈਨ ਨਫ਼ਰਤੀ ਟਿੱਪਣੀਆਂ ਵਿੱਚ 109 ਫੀਸਦੀ ਦਾ ਵੱਡਾ ਵਾਧਾ ਦਰਜ ਕੀਤਾ ਗਿਆ ਹੈ
Advertisement
Advertisement
×

