DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Canada US Trade War: ਅਮਰੀਕੀ ਟੈਰਿਫਾਂ ਤੇ ਬਿਆਨਬਾਜ਼ੀ ਤੋਂ ਖਫ਼ਾ ਕੈਨੇਡਿਆਈ ਲੋਕ ਅਮਰੀਕਨ ਉਤਪਾਦਾਂ ਤੋਂ ਮੋੜਨ ਲੱਗੇ ਮੂੰਹ

ਮੀਡੀਆ ਅਦਾਰੇ ਨੇ ਪਾਠਕਾਂ ਨਾਲ ਫ਼ੋਨ ਸੰਪਰਕ ਅਤੇ ਟਿੱਪਣੀਆਂ ਰਾਹੀਂ ਕੀਤਾ ਸਰਵੇਖਣ

  • fb
  • twitter
  • whatsapp
  • whatsapp
featured-img featured-img
ਕੈਨੇਡਾ ਦੇ ਰੋਜ਼ਮੱਰਾ ਵਸਤਾਂ ਦੇ ਸਟੋਰ ਦੇ ਅੰਦਰ 'ਕੈਨੇਡਾ ਉਤਪਾਦ ਕੈਨੇਡੀਅਨਾਂ ਵਾਸਤੇ ਲੱਗਿਆ ਬੋਰਡ,ਫ਼ੋਟੋ: ਕਾਹਲੋਂ
Advertisement

ਕੈਨੇਡਾ ਦੇ ਪ੍ਰਮੁੱਖ ਅਦਾਰੇ ਵੱਲੋਂ ਆਪਣੇ ਪਾਠਕਾਂ ਨਾਲ ਫ਼ੋਨ ਅਤੇ ਸਵਾਲਾਂ ’ਤੇ ਹੋਈਆਂ ਟਿੱਪਣੀਆਂ ਰਾਹੀਂ ਕੀਤੇ ਸਰਵੇਖਣ ਤੋਂ ਜਾਣਕਾਰੀ ਇਕੱਠੀ ਹੋਈ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਟੈਰਿਫ਼ਾਂ ਦੇ ਰੋਸ ਵਜੋਂ ਕੈਨੇਡਾ ਦੇ ਲੋਕ ਵੱਡੀ ਗਿਣਤੀ ਵਿੱਚ ਅਮਰੀਕੀ ਉਤਪਾਦਾਂ ਤੋਂ ਮੂੰਹ ਮੋੜਨ ਲੱਗੇ ਹਨ। ਗੱਲ ਸਿਰਫ਼ ਉਤਪਾਦਾਂ ਤੱਕ ਸੀਮਤ ਨਹੀਂ ਰਹੀ, ਸਗੋਂ ਲੋਕ ਅਮਰੀਕਾ ਦੇ ਸੈਰ-ਸਪਾਟੇ, ਮਨੋਰੰਜਨ ਅਤੇ ਉੱਥੋਂ ਦੀਆਂ ਬਹੁਕੌਮੀ ਕੰਪਨੀਆਂ ਨੂੰ ਵੀ ਦਰਕਿਨਾਰ ਕਰਨ ਲੱਗੇ ਹਨ। ਹੋਰ ਤਾਂ ਹੋਰ, ਕੁਝ ਲੋਕਾਂ ਨੇ Amazon ਵਰਗੀਆਂ ਕੰਪਨੀਆਂ ਦਾ ਬਾਈਕਾਟ ਕੀਤੇ ਜਾਣ ਬਾਰੇ ਦੱਸਿਆ ਹੈ। ਅਦਾਰੇ ਨੇ ਕੁਝ ਲੋਕਾਂ ਦੀ ਪਛਾਣ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਕਰਵਾਈ ਅਗਾਊਂ ਬੁਕਿੰਗ ਇਸ ਕਰਕੇ ਰੱਦ ਕਰਵਾਈ ਤਾਂ ਜੋ ਉਹ ਉੱਥੋਂ ਦੀ ਅਰਥਵਿਵਸਥਾ ਨੂੰ ਢਾਹ ਲਾਉਣ ਵਿੱਚ ਆਪਣਾ ਮਾਮੂਲੀ ਯੋਗਦਾਨ ਪਾ ਸਕਣ। ਪਰ ਥੋੜ੍ਹੇ ਜਿਹੇ ਲੋਕਾਂ ਦਾ ਕਹਿਣਾ ਹੈ ਕਿ ਉਹ ਅਮਰੀਕੀ ਵਸਤਾਂ ਦਰਕਿਨਾਰ ਕਰਕੇ ਉੱਥੋਂ ਦੀ ਸਰਕਾਰ ਦੀਆਂ ਗ਼ਲਤੀਆਂ ਦੀ ਸਜ਼ਾ ਆਪਣੇ ਉਤਪਾਦਕ ਭਰਾਵਾਂ ਨੂੰ ਨਹੀਂ ਦੇਣਾ ਚਾਹੁੰਦੇ।

ਕੁਝ ਲੋਕਾਂ ਨੇ ਕਿਹਾ ਕਿ ਬੇਸ਼ੱਕ ਕੁਝ ਅਮਰੀਕੀ ਉਤਪਾਦ ਕੈਨੇਡਾ ਵਿੱਚ ਸਸਤੇ ਵਿਕਦੇ ਹਨ, ਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਅਤੇ ਕੁਝ ਵੱਧ ਖ਼ਰਚਣਾ ਉਨ੍ਹਾਂ ਨੂੰ ਚੁਭਦਾ ਨਹੀਂ। ਕੁਝ ਹੋਰਾਂ ਦਾ ਕਹਿਣਾ ਸੀ ਕਿ ਦੇਸ਼ ਭਗਤੀ ਲਈ ਬਾਈਕਾਟ ਸਮੇਂ ਦੀ ਲੋੜ ਹੈ। ਕੁਝ ਨੇ ਵਿਚਾਰ ਪ੍ਰਗਟਾਏ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਕੈਨੇਡਾ ਪ੍ਰਤੀ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਤੋਂ ਦੁਖੀ ਹਨ ਅਤੇ ਅਮਰੀਕੀ ਵਸਤਾਂ ਦਾ ਬਾਈਕਾਟ ਕਰਕੇ ਅਮਰੀਕੀ ਉਤਪਾਦਕਾਂ ਤੇ ਕਾਰੋਬਾਰੀਆਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਹਨ ਕਿ ਇਹ ਉਨ੍ਹਾਂ ਵੱਲੋਂ ਰਾਸ਼ਟਰਪਤੀ ਦੀ ਚੋਣ ਮੌਕੇ ਕੀਤੀ ਗ਼ਲਤੀ ਦੀ ਸਜ਼ਾ ਹੈ। ਕੁਝ ਹੋਰਾਂ ਦਾ ਰੋਸ ਹੈ ਕਿ ਡੋਨਲਡ ਟਰੰਪ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰਕੇ ਕੈਨੇਡਾ ਦੇ ਲੋਕਾਂ ਨੂੰ ਬੇਇੱਜ਼ਤ ਕਰ ਰਹੇ ਹਨ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ।

Advertisement

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ ਧੁਰ ਉੱਤਰ ਵਿੱਚ ਸਥਿਤ ਪਿੰਡ ‘ਸਿਮੀਕਮੀਨ ਵੈਲੀ’ ਦੀ ਰਹਿਣ ਵਾਲੀ ਔਰਤ ਸਾਰਾ ਕਰੌਕੈਟ ਦਾ ਕਹਿਣਾ ਸੀ ਕਿ ਉਹ ਰਸੋਈ ਦੀ ਕਿਸੇ ਵਸਤੂ ਦੇ ਬਗੈਰ ਗੁਜ਼ਾਰਾ ਕਰ ਲੈਂਦੀ ਹੈ, ਪਰ ਕੋਈ ਅਮਰੀਕੀ ਉਤਪਾਦ ਨਹੀਂ ਖ਼ਰੀਦਦੀ। ਇੱਕ ਹੋਰ ਔਰਤ ਨੇ ਦੱਸਿਆ ਕਿ ਇੱਕ ਵਾਰ ਉਹ ਸਟੋਰ ਤੋਂ ਗ਼ਲਤੀ ਨਾਲ ਅਮਰੀਕੀ ਉਤਪਾਦ ਖ਼ਰੀਦ ਲਿਆਈ ਸੀ, ਪਰ ਘਰ ਜਾ ਕੇ ਪਤਾ ਲੱਗਣ ’ਤੇ ਤੁਰੰਤ ਵਾਪਸ ਕਰਕੇ ਆਈ। ਇੱਕ ਸੰਜੀਦਾ ਜਿਹੇ ਪਾਠਕ ਦਾ ਕਹਿਣਾ ਸੀ ਕਿ ਅਮਰੀਕੀ ਸਰਕਾਰ ਦੇ ਵਿਹਾਰ ਕਰਕੇ ਉਸ ਦੇ ਪਰਿਵਾਰ ਨੇ ਆਪਣੇ ਖਾਣ-ਪੀਣ ਦੀਆਂ ਆਦਤਾਂ ਬਦਲ ਲਈਆਂ ਹਨ।

Advertisement

ਇੱਧਰ ਐਤਵਾਰ ਨੂੰ ‘ਟ੍ਰਿਬਿਊਨ ਗਰੁੱਪ’ ਦੇ ਕੈਨੇਡਾ ਵਾਸੀ ਕੁਝ ਪਾਠਕਾਂ ਨਾਲ ਫ਼ੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਵਿਚਾਰ ਵੀ ਉਕਤ ਅਦਾਰੇ ਦੇ ਸਰਵੇਖਣ ਨਾਲ ਮੇਲ ਖਾਂਦੇ ਲੱਗੇ। ਬਹੁਤਿਆਂ ਦਾ ਕਹਿਣਾ ਸੀ ਕਿ ਉਹ ਅਮਰੀਕਾ ਵਰਗੇ ਮੁਲਕ ਦੇ ਰਾਸ਼ਟਰਪਤੀ ਤੋਂ ਹੁਣ ਵਰਗੇ ਬੇਤੁਕੇ ਬਿਆਨਾਂ ਦੀ ਉਮੀਦ ਨਹੀਂ ਰੱਖਦੇ। ਕੁਝ ਹੋਰਾਂ ਦਾ ਕਹਿਣਾ ਸੀ ਕਿ ਬਿਆਨ ਪੜ੍ਹ/ਸੁਣ ਕੇ ਪਹਿਲੀ ਨਜ਼ਰੇ ਉਹ ਇਸ ਨੂੰ ਮਜ਼ਾਕ ਸਮਝਦੇ ਹਨ।

Advertisement
×