Britain ਰੇਲ ’ਚ ਹਮਲਾ ਦਹਿਸ਼ਤੀ ਹਮਲਾ ਨਹੀਂ: ਯੂਕੇ ਪੁਲੀਸ
ਬ੍ਰਿਟੇਨ ਦੇ ਕੈਂਬਰਿਜਸ਼ਾਇਰ ’ਚ ਟਰੇਨ ਵਿਚ ਕਈ ਲੋਕਾਂ ਉੱਤੇ ਚਾਕੂ ਨਾਲ ਹਮਲਾ ਕੀਤਾ ਗਿਆ। ਪੁਲੀਸ ਨੇ ਸ਼ਨਿਚਰਵਾਰ ਸ਼ਾਮ ਨੂੰ ਟਰੇਨ ਰੋਕ ਕੇ ਇਸ ਘਟਨਾ ਦੇ ਸਬੰਧ ਵਿਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਬਰਤਾਨੀਆ ਦੀ ਪੁਲੀਸ ਨੇ ਅੱਜ ਕਿਹਾ ਕਿ ਰੇਲ ਗੱਡੀ ਵਿਚ ਯਾਤਰੀਆਂ ’ਤੇ ਚਾਕੂ ਨਾਲ ਕੀਤਾ ਹਮਲਾ ਦਹਿਸ਼ਤੀ ਹਮਲਾ ਨਹੀਂ ਹੈ ਤੇ ਪੁਲੀਸ ਨੇ ਇਸ ਮਾਮਲੇ ਵਿਚ ਦੋ ਬ੍ਰਿਟਿਸ਼ ਮੂਲ ਦੇ ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਪੁਲੀਸ ਅਧਿਕਾਰੀ ਜੌਨ ਲਵਲੇਸ ਨੇ ਕਿਹਾ ਕਿ ਇਸ ਹਮਲੇ ਵਿਚ ਨੌਂ ਜਣੇ ਜ਼ਖ਼ਮੀ ਹੋਏ ਸਨ ਜਿਨ੍ਹਾਂ ਵਿਚੋਂ ਚਾਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਦੋ ਦੀ ਹਾਲਤ ਹਾਲੇ ਵੀ ਗੰਭੀਰ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਤਿਵਾਦ ਵਿਰੋਧੀ ਪੁਲੀਸ ਟੀਮ ਵੀ ਇਸ ਮਾਮਲੇ ਵਿਚ ਪੁਲੀਸ ਨੂੰ ਸਹਿਯੋਗ ਦੇ ਰਹੀ ਸੀ। ਹਾਲਾਂਕਿ, ਇਹ ਦਹਿਸ਼ਤੀ ਘਟਨਾ ਨਹੀਂ ਹੈ।
ਬਰਤਾਨਵੀ ਪੁਲੀਸ ਨੇ ਦੱਸਿਆ ਕਿ ਇਸ ਘਟਨਾ ਮਗਰੋਂ 10 ਲੋਕਾਂ ਨੂੰ ਹਸਪਤਾਲ ਭਰਤੀ ਕੀਤਾ ਗਿਆ ਸੀ ਜਿਨ੍ਹਾਂ ਵਿਚੋਂ ਨੌਂ ਜਣਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਅਤਿਵਾਦ ਵਿਰੋਧੀ ਪੁਲੀਸ ਜਾਂਚ ਵਿਚ ਸਹਿਯੋਗ ਕਰ ਰਹੀ ਸੀ। ਕੈਂਬਰਿਜਸ਼ਾਇਰ ਪੁਲੀਸ ਨੇ ਕਿਹਾ ਕਿ ਉਸ ਦੇ ਅਧਿਕਾਰੀ ਹੰਟਿੰਗਡਨ ਟਰੇਨ ਨੂੰ ਰੋਕਣ ਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਮਗਰੋਂ ਬ੍ਰਿਟਿਸ਼ ਆਵਾਜਾਈ ਪੁਲੀਸ (BTP) ਨਾਲ ਮਿਲ ਕੇ ਕੰਮ ਕੀਤਾ।
