Benjamin Netanyahu ਨੂੰ ਹੋਇਆ ਸੀ ਕੈਂਸਰ; ਇਲਾਜ ਤੋਂ ਬਾਅਦ ਹੋਏ ਸਿਹਤਮੰਦ
ਸ਼ੁਰੂਆਤੀ ਪੜਾਅ ’ਤੇ ਬਿਮਾਰੀ ਦਾ ਪਤਾ ਲੱਗਣ ਦਾ ਕੀਤਾ ਖੁਲਾਸਾ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਪ੍ਰੋਸਟੇਟ ਕੈਂਸਰ ਦੇ ਸ਼ੁਰੂਆਤੀ ਪੜਾਅ ਦਾ ਪਤਾ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਸਮੇਂ ਸਿਰ ਪਤਾ ਲੱਗ ਗਿਆ ਸੀ ਜਿਸ ਦਾ ਸਫਲਤਾਪੂਰਵਕ ਇਲਾਜ ਕੀਤਾ ਗਿਆ ਅਤੇ ਹੁਣ ਉਹ ਪੂਰੀ ਤਰ੍ਹਾਂ ਸਿਹਤਮੰਦ ਹਨ। ਆਪਣੀ ਸਾਲਾਨਾ ਮੈਡੀਕਲ ਰਿਪੋਰਟ ਤੋਂ ਬਾਅਦ ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੇ ਜਾਣਬੁੱਝ ਕੇ ਇਸ ਰਿਪੋਰਟ ਨੂੰ ਜਾਰੀ ਕਰਨ ਵਿੱਚ ਦੋ ਮਹੀਨਿਆਂ ਦੀ ਦੇਰੀ ਕੀਤੀ। ਉਨ੍ਹਾਂ ਅਜਿਹਾ ਇਸ ਲਈ ਕੀਤਾ ਤਾਂ ਜੋ ਇਹ ਖ਼ਬਰ ਇਜ਼ਰਾਈਲ-ਅਮਰੀਕਾ-ਇਰਾਨ ਟਕਰਾਅ ਦੇ ਸਿਖਰਲੇ ਸਮੇਂ ਦੌਰਾਨ ਸਾਹਮਣੇ ਨਾ ਆਵੇ ਕਿਉਂਕਿ ਉਨ੍ਹਾਂ ਨੂੰ ਖਦਸ਼ਾ ਸੀ ਕਿ ਦੁਸ਼ਮਣ ਇਸ ਜਾਣਕਾਰੀ ਦੀ ਵਰਤੋਂ "ਝੂਠੇ ਪ੍ਰਚਾਰ" ਲਈ ਕਰ ਸਕਦੇ ਹਨ।
ਨੇਤਨਯਾਹੂ ਨੇ ਕਿਹਾ, "ਪਰਮਾਤਮਾ ਦਾ ਸ਼ੁਕਰ ਹੈ, ਮੈਂ ਸਿਹਤਮੰਦ ਹਾਂ। ਮੈਂ ਸਰੀਰਕ ਸਥਿਤੀ ਸ਼ਾਨਦਾਰ ਹੈ।" ਉਨ੍ਹਾਂ ਮੰਨਿਆ ਕਿ ਰੁਟੀਨ ਜਾਂਚ ਦੌਰਾਨ ਪ੍ਰੋਸਟੇਟ ਨਾਲ ਸਬੰਧਤ ਇੱਕ "ਮਾਮੂਲੀ ਡਾਕਟਰੀ ਮੁੱਦਾ" ਸਾਹਮਣੇ ਆਇਆ ਸੀ। ਡਾਕਟਰਾਂ ਨੂੰ ਇੱਕ ਸੈਂਟੀਮੀਟਰ ਤੋਂ ਵੀ ਘੱਟ ਦਾ ਇੱਕ ਛੋਟਾ ਜਿਹਾ ਟਿਊਮਰ ਮਿਲਿਆ ਸੀ, ਜੋ ਬਹੁਤ ਹੀ ਸ਼ੁਰੂਆਤੀ ਪੜਾਅ 'ਤੇ ਸੀ ਅਤੇ ਸਰੀਰ ਵਿੱਚ ਕਿਤੇ ਵੀ ਫੈਲਿਆ ਨਹੀਂ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਲਗਾਤਾਰ ਨਿਗਰਾਨੀ ਜਾਂ ਤੁਰੰਤ ਇਲਾਜ ਦਾ ਵਿਕਲਪ ਦਿੱਤਾ ਸੀ। ਉਨ੍ਹਾਂ ਕਿਹਾ, "ਤੁਸੀਂ ਮੈਨੂੰ ਜਾਣਦੇ ਹੀ ਹੋ। ਜਦੋਂ ਮੈਨੂੰ ਕਿਸੇ ਖ਼ਤਰੇ ਬਾਰੇ ਸਮੇਂ ਸਿਰ ਜਾਣਕਾਰੀ ਮਿਲਦੀ ਹੈ, ਤਾਂ ਮੈਂ ਉਸ ਨੂੰ ਤੁਰੰਤ ਹੱਲ ਕਰਨਾ ਚਾਹੁੰਦਾ ਹਾਂ - ਰਾਸ਼ਟਰੀ ਪੱਧਰ 'ਤੇ ਵੀ ਅਤੇ ਨਿੱਜੀ ਪੱਧਰ 'ਤੇ ਵੀ।"
ਪ੍ਰਧਾਨ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ 'ਟਾਰਗੇਟਿਡ ਥੈਰੇਪੀ' ਦਾ ਵਿਕਲਪ ਚੁਣਿਆ, ਜਿਸ ਨਾਲ ਟਿਊਮਰ ਪੂਰੀ ਤਰ੍ਹਾਂ ਖ਼ਤਮ ਹੋ ਗਿਆ। ਉਨ੍ਹਾਂ ਕਿਹਾ, "ਮੈਂ ਕਿਤਾਬਾਂ ਪੜ੍ਹੀਆਂ ਅਤੇ ਕੰਮ ਜਾਰੀ ਰੱਖਿਆ। ਉਹ ਦਾਗ਼ ਪੂਰੀ ਤਰ੍ਹਾਂ ਗਾਇਬ ਹੋ ਗਿਆ ਹੈ।" ਉਨ੍ਹਾਂ ਨੇ ਯੇਰੂਸ਼ਲਮ ਦੇ ਮੈਡੀਕਲ ਸੈਂਟਰ ਦੀਆਂ ਮੈਡੀਕਲ ਟੀਮਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਸੰਦੇਸ਼ ਵਿੱਚ ਦੇਸ਼ ਵਾਸੀਆਂ ਨੂੰ ਨਿਯਮਤ ਸਿਹਤ ਜਾਂਚ ਕਰਵਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਿਸੇ ਵੀ ਬਿਮਾਰੀ ਦਾ ਜਲਦੀ ਪਤਾ ਲੱਗਣਾ ਬਹੁਤ ਜ਼ਰੂਰੀ ਹੈ। ਇਹ ਖੁਲਾਸਾ ਅਜਿਹੇ ਸੰਵੇਦਨਸ਼ੀਲ ਸਮੇਂ ਵਿੱਚ ਆਇਆ ਹੈ ਜਦੋਂ ਨੇਤਨਯਾਹੂ ਪੱਛਮੀ ਏਸ਼ੀਆ ਵਿੱਚ ਇੱਕ ਗੰਭੀਰ ਸੁਰੱਖਿਆ ਅਤੇ ਸਿਆਸੀ ਪੜਾਅ ਦੌਰਾਨ ਦੇਸ਼ ਦੀ ਅਗਵਾਈ ਕਰ ਰਹੇ ਹਨ।

