''ਦਹਿਸ਼ਤਗਰਦਾਂ ਦਾ ਦੇਸ਼ ਮੈਨੂੰ ਸਵਾਲ ਪੁੱਛ ਰਿਹਾ ਹੈ'': UN ਵਿੱਚ ਪਾਕਿਸਤਾਨੀ ਪੱਤਰਕਾਰ ਨੂੰ ਜੈਸ਼ੰਕਰ ਦਾ ਕਰਾਰਾ ਜਵਾਬ
ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਜੈਸ਼ੰਕਰ ਅਤੇ ਲਾਇਬੇਰੀਆ ਦੀ ਵਿਦੇਸ਼ ਮੰਤਰੀ ਪ੍ਰੈੱਸ ਨੂੰ ਕਰ ਰਹੇ ਸਨ ਸਬੰਧੋਨ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਅਤਿਵਾਦ ਨਾਲ ਜੁੜਿਆ ਸਵਾਲ ਪੁੱਛਣ ਵਾਲੇ ਇੱਕ ਪਾਕਿਸਤਾਨੀ ਪੱਤਰਕਾਰ ਨੂੰ ਤਿੱਖਾ ਜਵਾਬ ਦਿੱਤਾ। ਇੱਥੇ ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦਾ ਕਰਾਰਾ ਜਵਾਬ ਦਿੰਦਿਆਂ ਜੈਸ਼ੰਕਰ ਨੇ ਕਿਹਾ, "ਇੱਕ ਦਹਿਸ਼ਤਗਰਦਾਂ ਦਾ ਦੇਸ਼ ਮੈਨੂੰ ਇਹ ਸਵਾਲ ਪੁੱਛ ਰਿਹਾ ਹੈ। ਹੱਦ ਹੈ।"
ਦਰਅਸਲ ਜੈਸ਼ੰਕਰ ਅਤੇ ਲਾਇਬੇਰੀਆ ਦੀ ਵਿਦੇਸ਼ ਮੰਤਰੀ ਸਾਰਾ ਬੇਸੋਲੋ ਨਿਆਂਤੀ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ 'ਸ਼ਿਪਿੰਗ ਅਤੇ ਮਲਾਹਾਂ ਦੀ ਸੁਰੱਖਿਆ ਬਾਰੇ ਮਿੱਤਰ ਦੇਸ਼ਾਂ ਦੇ ਸਮੂਹ' (ਗਰੁੱਪ ਆਫ਼ ਫਰੈਂਡਜ਼ ਆਨ ਸੇਫਟੀ ਐਂਡ ਸਕਿਓਰਿਟੀ ਆਫ਼ ਸ਼ਿਪਿੰਗ ਐਂਡ ਸੀਫੇਅਰਰਜ਼) 'ਤੇ ਪ੍ਰੈੱਸ ਨੂੰ ਸੰਬੋਧਨ ਕੀਤਾ।
ਉਨ੍ਹਾਂ ਦੇ ਬਿਆਨ ਤੋਂ ਬਾਅਦ, ਪਾਕਿਸਤਾਨੀ ਪੱਤਰਕਾਰ ਖੜ੍ਹਾ ਹੋਇਆ ਅਤੇ ਜੈਸ਼ੰਕਰ ਵੱਲ ਉੱਚੀ ਅਵਾਜ਼ ਵਿੱਚ ਸਵਾਲ ਪੁੱਛਿਆ, "ਤੁਹਾਡੀ ਸਰਕਾਰ ਪਾਕਿਸਤਾਨ ਵਿੱਚ ਅਤਿਵਾਦ ਨੂੰ ਸ਼ਹਿ ਦੇਣਾ ਕਦੋਂ ਬੰਦ ਕਰੇਗੀ?"
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਨੁਮਾਇੰਦੇ ਹਰੀਸ਼ ਪਰਵਥਾਨੇਨੀ ਨੇ ਪਾਕਿਸਤਾਨੀ ਪੱਤਰਕਾਰ ਨੂੰ ਕਿਹਾ, "ਤੁਸੀਂ ਆਪਣਾ ਜਵਾਬ ਸੁਣ ਲਿਆ ਹੈ। ਤੁਸੀਂ ਆਪਣਾ ਜਵਾਬ ਸਾਫ਼ ਅਤੇ ਸਪਸ਼ਟ ਤੌਰ 'ਤੇ ਸੁਣ ਲਿਆ ਹੈ।"
ਇਸ ਤੋਂ ਪਹਿਲਾਂ ਵੀਰਵਾਰ ਨੂੰ, ਇੱਕ ਭਾਰਤੀ ਪੱਤਰਕਾਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੂੰ ਸੰਯੁਕਤ ਰਾਸ਼ਟਰ ਦੀ ਇਮਾਰਤ ਵਿੱਚ ਦਾਖ਼ਲ ਹੁੰਦੇ ਸਮੇਂ ਪੁੱਛਿਆ ਸੀ, "ਤੁਸੀਂ ਅਤਿਵਾਦੀਆਂ ਨੂੰ ਪਨਾਹ ਦੇਣਾ ਕਦੋਂ ਬੰਦ ਕਰੋਗੇ?"

