ਅਗਲੇ ਹਫ਼ਤੇ ਤੋਂ ਯੂਰਪੀਅਨ ਯੂਨੀਅਨ ਦੀਆਂ ਕਾਰਾਂ ’ਤੇ ਲੱਗੇਗਾ 25 ਫੀਸਦੀ ਟੈਰਿਫ਼: Donald Trump
ਵਪਾਰ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਾਇਆ; ਅਮਰੀਕਾ ਵਿਚ ਬਣਨ ਵਾਲੇ ਵਾਹਨਾਂ ’ਤੇ ਨਹੀਂ ਲੱਗੇਗਾ ਟੈਕਸ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਗਲੇ ਹਫ਼ਤੇ ਤੋਂ ਯੂਰਪੀਅਨ ਯੂਨੀਅਨ (EU) ਤੋਂ ਆਉਣ ਵਾਲੀਆਂ ਕਾਰਾਂ ਅਤੇ ਟਰੱਕਾਂ ’ਤੇ ਟੈਰਿਫ਼ ਵਧਾ ਕੇ 25 ਫੀਸਦੀ ਕਰ ਦਿੱਤਾ ਜਾਵੇਗਾ। ਟਰੰਪ ਨੇ ਦੋਸ਼ ਲਾਇਆ ਕਿ ਯੂਰਪੀਅਨ ਯੂਨੀਅਨ ਇੱਕ ਵਪਾਰਕ ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' (Truth Social) 'ਤੇ ਇੱਕ ਪੋਸਟ ਰਾਹੀਂ ਦੱਸਿਆ ਕਿ ਅਮਰੀਕਾ ਵਿੱਚ ਬਣਨ ਵਾਲੇ ਵਾਹਨਾਂ ’ਤੇ ਅਜਿਹਾ ਕੋਈ ਟੈਕਸ ਨਹੀਂ ਲੱਗੇਗਾ, ਜਿਸ ਨਾਲ ਕੰਪਨੀਆਂ ਨੂੰ ਅਮਰੀਕਾ ਦੇ ਅੰਦਰ ਉਤਪਾਦਨ ਵਧਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।
ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ, "ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਯੂਰਪੀਅਨ ਯੂਨੀਅਨ ਵਪਾਰਕ ਸਮਝੌਤੇ ਦੀ ਪਾਲਣਾ ਨਹੀਂ ਕਰ ਰਿਹਾ, ਇਸ ਲਈ ਅਗਲੇ ਹਫ਼ਤੇ ਮੈਂ ਯੂਰਪੀਅਨ ਯੂਨੀਅਨ ਤੋਂ ਅਮਰੀਕਾ ਆਉਣ ਵਾਲੀਆਂ ਕਾਰਾਂ ਅਤੇ ਟਰੱਕਾਂ 'ਤੇ ਲੱਗਣ ਵਾਲੇ ਟੈਰਿਫ਼ ਨੂੰ ਵਧਾ ਕੇ 25 ਫੀਸਦੀ ਕਰ ਰਿਹਾ ਹਾਂ।" ਉਨ੍ਹਾਂ ਅੱਗੇ ਕਿਹਾ ਕਿ ਜੇਕਰ ਇਹ ਕੰਪਨੀਆਂ ਅਮਰੀਕਾ ਵਿੱਚ ਸਥਿਤ ਪਲਾਂਟਾਂ ਵਿੱਚ ਗੱਡੀਆਂ ਬਣਾਉਂਦੀਆਂ ਹਨ, ਤਾਂ ਉਨ੍ਹਾਂ 'ਤੇ ਕੋਈ ਟੈਰਿਫ਼ ਨਹੀਂ ਲੱਗੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮੇਂ ਕਈ ਆਟੋਮੋਬਾਈਲ ਪਲਾਂਟਾਂ ਦਾ ਨਿਰਮਾਣ ਚੱਲ ਰਿਹਾ ਹੈ ਅਤੇ 100 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ, ਜੋ ਕਿ ਇਤਿਹਾਸ ਵਿੱਚ ਇੱਕ ਰਿਕਾਰਡ ਹੈ।
ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਅਮਰੀਕੀ ਕਾਮਿਆਂ ਨਾਲ ਲੈਸ ਇਹ ਨਵੇਂ ਪਲਾਂਟ ਜਲਦੀ ਹੀ ਖੁੱਲ੍ਹਣਗੇ। ਉਨ੍ਹਾਂ ਮੁਤਾਬਕ ਅਮਰੀਕਾ ਵਿੱਚ ਅੱਜ ਜੋ ਹੋ ਰਿਹਾ ਹੈ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਜੁਲਾਈ 2025 ਵਿੱਚ ਅਮਰੀਕਾ ਅਤੇ 27 ਮੈਂਬਰ ਦੇਸ਼ਾਂ ਵਾਲੇ ਯੂਰਪੀਅਨ ਯੂਨੀਅਨ ਵਿਚਾਲੇ ਇੱਕ ਦੁਵੱਲੇ ਵਪਾਰਕ ਸਮਝੌਤੇ ਦਾ ਐਲਾਨ ਹੋਇਆ ਸੀ। ਟਰੰਪ ਅਤੇ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਇਸ ਸਮਝੌਤੇ ਦਾ ਐਲਾਨ ਕੀਤਾ ਸੀ, ਜਿਸ ਤਹਿਤ ਯੂਰਪੀਅਨ ਵਸਤੂਆਂ 'ਤੇ ਟੈਰਿਫ਼ 15 ਫੀਸਦੀ ਤੈਅ ਕੀਤਾ ਗਿਆ ਸੀ। ਇਸ ਦੇ ਬਦਲੇ ਯੂਰਪੀਅਨ ਯੂਨੀਅਨ ਨੇ ਅਮਰੀਕਾ ਤੋਂ 750 ਅਰਬ ਡਾਲਰ ਦੀ ਊਰਜਾ ਖਰੀਦਣ ਦਾ ਵਾਅਦਾ ਕੀਤਾ ਸੀ।

