ਉੱਤਰ-ਪੱਛਮੀ ਪਾਕਿਸਤਾਨ ਵਿੱਚ ਆਤਮਘਾਤੀ ਹਮਲੇ 'ਚ 12 ਲੋਕਾਂ ਦੀ ਮੌਤ; 18 ਜ਼ਖ਼ਮੀ
ਹਮਲੇ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ
ਪਾਕਿਸਤਾਨ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸ਼ਨਿੱਚਰਵਾਰ ਨੂੰ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ ਟੀ ਪੀ) ਦੇ ਇੱਕ ਆਤਮਘਾਤੀ ਹਮਲਾਵਰ ਨੇ ਪੁਲੀਸ ਚੌਕੀ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਦੋ ਔਰਤਾਂ ਤੇ ਦੋ ਬੱਚਿਆਂ ਸਮੇਤ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖ਼ਮੀ ਹੋ ਗਏ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਪਾਕਿਸਤਾਨ ਦੀ ਕੌਮੀ ਐਮਰਜੈਂਸੀ ਰਿਸਪਾਂਸ ਸਰਵਿਸ 'ਰੈਸਕਿਊ 1122' ਮੁਤਾਬਕ, ਇਹ ਘਟਨਾ ਡੇਰਾ ਇਸਮਾਈਲ ਖਾਨ ਜ਼ਿਲ੍ਹੇ ਦੀ ਦਰਾਜ਼ਿੰਦਾ ਤਹਿਸੀਲ ਵਿੱਚ ਵਾਪਰੀ, ਜੋ ਅਸ਼ਾਂਤ ਖ਼ੈਬਰ ਪਖ਼ਤੂਨਖ਼ਵਾ ਅਤੇ ਬਲੋਚਿਸਤਾਨ ਸੂਬਿਆਂ ਦੀ ਸਰਹੱਦ ਨੇੜੇ ਸਥਿਤ ਹੈ।
ਖੇਤਰੀ ਪੁਲੀਸ ਅਧਿਕਾਰੀ ਖਾਨ ਮੁਬਾਸ਼ਿਰ ਮਲਿਕ ਨੇ ਦੱਸਿਆ ਕਿ ਆਤਮਘਾਤੀ ਹਮਲਾਵਰ ਨੇ ਧਮਾਕਾਖੇਜ਼ ਸਮੱਗਰੀ ਨਾਲ ਲੱਦੀ ਟਰੈਕਟਰ-ਟਰਾਲੀ ਨਾਲ ਅਮਨ ਮੇਲਾ ਪੁਲੀਸ ਚੌਕੀ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋਈ ਅਤੇ 18 ਹੋਰ ਜ਼ਖ਼ਮੀ ਹੋਏ ਹਨ।
ਪੁਲੀਸ ਮੁਤਾਬਕ, ਮਾਰੇ ਗਏ ਲੋਕਾਂ ਵਿੱਚ ਕਸਟਮਜ਼ ਅਤੇ ਆਬਕਾਰੀ (ਐਕਸਾਈਜ਼) ਵਿਭਾਗ ਦੇ ਦੋ ਅਧਿਕਾਰੀ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ, ਜਦਕਿ ਮ੍ਰਿਤਕਾਂ ਦੀਆਂ ਲਾਸ਼ਾਂ ਵੀ ਉੱਥੇ ਹੀ ਪਹੁੰਚਾਈਆਂ ਗਈਆਂ ਹਨ।ਪੁਲੀਸ ਨੇ ਦੱਸਿਆ ਕਿ ਹਮਲੇ ਵਿੱਚ ਵਰਤੇ ਗਏ ਵਿਸਫੋਟਕਾਂ ਦੀ ਕਿਸਮ ਦਾ ਪਤਾ ਲਗਾਉਣ ਲਈ ਬੰਬ ਨਿਰੋਧਕ ਦਸਤੇ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ।
ਸੁਰੱਖਿਆ ਬਲਾਂ ਨੇ ਹਮਲੇ ਤੋਂ ਬਾਅਦ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

