ਜ਼ਹੀਰ ਖ਼ਾਨ ਬਣੇ ਚੇਨੱਈ ਸੁਪਰ ਕਿੰਗਜ਼ ਦੇ ਨਵੇਂ ਕੋਚ
18 ਸੀਜ਼ਨਾਂ ਤੱਕ ਟੀਮ ਦੀ ਕਮਾਨ ਸੰਭਾਲਣ ਵਾਲੇ ਸਟੀਫਨ ਫਲੇਮਿੰਗ ਦੀ ਲਈ ਥਾਂ
ਚੇਨੱਈ ਸੁਪਰ ਕਿੰਗਜ਼ (ਸੀ ਐੱਸ ਕੇ) ਨੇ ਸੋਮਵਾਰ ਨੂੰ ਆਗਾਮੀ ਆਈ ਪੀ ਐੱਲ ਸੀਜ਼ਨ ਲਈ ਭਾਰਤ ਦੇ ਸਾਬਕਾ ਦਿੱਗਜ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੂੰ ਆਪਣਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ। ਜ਼ਹੀਰ ਨੇ ਸਟੀਫਨ ਫਲੇਮਿੰਗ ਦੀ ਥਾਂ ਲਈ ਹੈ, ਜਿਨ੍ਹਾਂ ਨੇ 18 ਸੀਜ਼ਨਾਂ ਤੱਕ ਟੀਮ ਦੀ ਕਮਾਨ ਸੰਭਾਲੀ ਹੈ।
ਸੀ ਐੱਸ ਕੇ ਨੇ 'ਐਕਸ' (X) ’ਤੇ ਲਿਖਿਆ, "ਚੇਨੱਈ ਸੁਪਰ ਕਿੰਗਜ਼ ਦੇ ਮੁੱਖ ਕੋਚ ਵਜੋਂ ਜ਼ਹੀਰ ਖ਼ਾਨ ਦਾ ਸਵਾਗਤ ਹੈ।" ਜ਼ਹੀਰ ਨੇ ਫ੍ਰੈਂਚਾਇਜ਼ੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ, "ਆਈ ਪੀ ਐੱਲ ਦੇ ਇਤਿਹਾਸ ਦੀਆਂ ਸਭ ਤੋਂ ਸਫ਼ਲ ਟੀਮਾਂ ਵਿੱਚੋਂ ਇੱਕ ਦਾ ਹਿੱਸਾ ਬਣਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਇੱਕ ਕ੍ਰਿਕਟਰ ਵਜੋਂ ਮੈਂ ਮੈਦਾਨ ’ਤੇ ਸੀ ਐੱਸ ਕੇ ਦਾ ਸਾਹਮਣਾ ਕੀਤਾ ਹੈ ਅਤੇ ਇਨ੍ਹਾਂ ਮੁਕਾਬਲਿਆਂ ਦਾ ਭਰਪੂਰ ਆਨੰਦ ਮਾਣਿਆ ਹੈ।''
ਛੇਤੀ ਹੀ 48 ਸਾਲ ਦੇ ਹੋਣ ਵਾਲੇ ਜ਼ਹੀਰ ਨੇ ਭਾਰਤ ਲਈ 92 ਟੈਸਟ, 200 ਵਨ-ਡੇ ਅਤੇ 17 ਟੀ-20 ਕੌਮਾਂਤਰੀ ਮੈਚ ਖੇਡੇ ਹਨ। 2011 ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਕ ਖ਼ਿਤਾਬੀ ਜਿੱਤ ਦੌਰਾਨ ਉਨ੍ਹਾਂ ਨੇ 21 ਵਿਕਟਾਂ ਲਈਆਂ ਸਨ ਅਤੇ ਉਹ ਟੂਰਨਾਮੈਂਟ ਵਿੱਚ ਟੀਮ ਦੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ ਸਨ।
ਮੰਨਿਆ ਜਾ ਰਿਹਾ ਹੈ ਕਿ ਸੀ ਐੱਸ ਕੇ ਦੀ ਕ੍ਰਿਕਟ ਪ੍ਰਬੰਧਕੀ ਕਮੇਟੀ ਵਿੱਚ ਸ਼ਾਮਲ ਐੱਮ ਐੱਸ ਧੋਨੀ, ਕਪਤਾਨ ਰਿਤੁਰਾਜ ਗਾਇਕਵਾੜ ਅਤੇ ਟੀਮ ਦੀ ਮਾਲਕਣ ਰੂਪਾ ਗੁਰੂਨਾਥ ਇਸ ਵਾਰ ਕਿਸੇ ਭਾਰਤੀ ਕੋਚ ਨੂੰ ਜ਼ਿੰਮੇਵਾਰੀ ਸੌਂਪਣਾ ਚਾਹੁੰਦੇ ਸਨ। ਆਈ ਪੀ ਐੱਲ ਵਿੱਚ ਜ਼ਹੀਰ ਨੇ 100 ਮੈਚ ਖੇਡੇ ਹਨ ਅਤੇ ਸੰਨਿਆਸ ਤੋਂ ਬਾਅਦ ਉਹ ਕੋਚਿੰਗ ਦੀ ਭੂਮਿਕਾ ਵਿੱਚ ਆ ਗਏ ਹਨ।
ਰੂਪਾ ਗੁਰੂਨਾਥ ਨੇ ਕਿਹਾ, "ਜ਼ਹੀਰ ਦਾ ਸ਼ਾਨਦਾਰ ਖੇਡ ਕਰੀਅਰ ਅਤੇ ਨੌਜਵਾਨ ਪ੍ਰਤਿਭਾਵਾਂ ਨੂੰ ਨਿਖਾਰਨ ਦੀ ਉਨ੍ਹਾਂ ਦੀ ਸਮਰੱਥਾ ਸਾਡੇ ਸਿਸਟਮ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗੀ। ਸਾਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ ਮਾਰਗਦਰਸ਼ਨ ਇਸ ਫ੍ਰੈਂਚਾਇਜ਼ੀ ਦੀ ਮਜ਼ਬੂਤ ਨੀਂਹ ਨੂੰ ਹੋਰ ਸਸ਼ਕਤ ਕਰਨ ਵਿੱਚ ਮਦਦ ਕਰੇਗਾ।"
ਸੀ ਐੱਸ ਕੇ ਟੀਮ ਪ੍ਰਬੰਧਨ ਦੇ ਕਰੀਬੀ ਸੂਤਰਾਂ ਦੀ ਮੰਨੀਏ ਤਾਂ ਧੋਨੀ ਕਿਸੇ ਅਜਿਹੇ ਵਿਅਕਤੀ ਨੂੰ ਟੀਮ ਨਾਲ ਜੋੜਨ ਦੇ ਪੱਖ ਵਿੱਚ ਸਨ, ਜਿਸ ਤੋਂ ਉਹ ਪਹਿਲਾਂ ਤੋਂ ਜਾਣੂ ਹੋਣ।

