Wushu Federation Controversy: ਦਿਵਿਆਂਸ਼ੀ ਦੇ ਸੁਰ ਨਰਮ ਪਏ
ਏਸ਼ਿਆਈ ਖੇਡਾਂ ਲਈ ਵੁਸ਼ੂ ਟੀਮ ’ਚੋਂ ਬਾਹਰ ਕੱਢੇ ਜਾਣ ਮਗਰੋਂ ਕੌਮੀ ਫੈਡਰੇਸ਼ਨ ’ਤੇ ਗੰਭੀਰ ਦੋਸ਼ ਲਾਉਣ ਵਾਲੀ ਖਿਡਾਰਨ ਦਿਵਿਆਂਸ਼ੀ ਚੌਧਰੀ ਦੇ ਸੁਰ ਹੁਣ ਨਰਮ ਪੈ ਗਏ ਹਨ। ਉਸ ਨੇ ਨਵੀਂ ਵੀਡੀਓ ਰਾਹੀਂ ਭਾਰਤੀ ਵੁਸ਼ੂ ਫੈਡਰੇਸ਼ਨ (ਡਬਲਿਊ ਏ ਆਈ) ਦਾ ਫ਼ੈਸਲਾ...
ਏਸ਼ਿਆਈ ਖੇਡਾਂ ਲਈ ਵੁਸ਼ੂ ਟੀਮ ’ਚੋਂ ਬਾਹਰ ਕੱਢੇ ਜਾਣ ਮਗਰੋਂ ਕੌਮੀ ਫੈਡਰੇਸ਼ਨ ’ਤੇ ਗੰਭੀਰ ਦੋਸ਼ ਲਾਉਣ ਵਾਲੀ ਖਿਡਾਰਨ ਦਿਵਿਆਂਸ਼ੀ ਚੌਧਰੀ ਦੇ ਸੁਰ ਹੁਣ ਨਰਮ ਪੈ ਗਏ ਹਨ। ਉਸ ਨੇ ਨਵੀਂ ਵੀਡੀਓ ਰਾਹੀਂ ਭਾਰਤੀ ਵੁਸ਼ੂ ਫੈਡਰੇਸ਼ਨ (ਡਬਲਿਊ ਏ ਆਈ) ਦਾ ਫ਼ੈਸਲਾ ਸਵੀਕਾਰ ਕਰਦਿਆਂ ਕਿਹਾ ਹੈ ਕਿ ਫੈਡਰੇਸ਼ਨ ਉਸ ਦੀ ਸਿਹਤਯਾਬੀ ਅਤੇ ਵਾਪਸੀ ਲਈ ਪੂਰਾ ਸਹਿਯੋਗ ਦੇ ਰਹੀ ਹੈ
ਜ਼ਿਕਰਯੋਗ ਹੈ ਕਿ 22 ਅਗਸਤ ਨੂੰ ਐਲਾਨੀ ਗਈ ਟੀਮ ਵਿੱਚ ਦਿਵਿਆਂਸ਼ੀ ਸ਼ਾਮਲ ਸੀ, ਪਰ ਸ਼ੁੱਕਰਵਾਰ ਨੂੰ ਉਸ ਦੇ ਗੋਡੇ ਦੀ ਨਸ (ਏ ਸੀ ਐੱਲ) ਫਟਣ ਕਾਰਨ ਉਸ ਦੀ ਥਾਂ ਦੋ ਵਾਰ ਦੀ ਤਗ਼ਮਾ ਜੇਤੂ ਨਾਓਰੇਮ ਰੋਸ਼ੀਬੀਨਾ ਦੇਵੀ ਨੂੰ ਸ਼ਾਮਲ ਕਰ ਲਿਆ ਗਿਆ ਸੀ। ਪਹਿਲਾਂ ਦਿਵਿਆਂਸ਼ੀ ਨੇ ਦਾਅਵਾ ਕੀਤਾ ਸੀ ਕਿ ਡਾਕਟਰਾਂ ਵੱਲੋਂ ਇਜਾਜ਼ਤ ਦੇਣ ਦੇ ਬਾਵਜੂਦ ਉਸ ਦੀ ਚੋਣ ਨਹੀਂ ਕੀਤੀ ਗਈ ਪਰ ਹੁਣ ਉਸ ਨੇ ਫੈਡਰੇਸ਼ਨ ਦਾ ਫ਼ੈਸਲਾ ਸਵੀਕਾਰ ਕਰ ਲਿਆ ਹੈ। ਨਵੀਂ ਵੀਡੀਓ ਵਿੱਚ ਉਸ ਨੇ ਕਿਹਾ ਕਿ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਵੀ ਉਸ ਨੂੰ ਸਮਝਾਇਆ ਹੈ ਕਿ ਦੇਸ਼ ਲਈ ਭਵਿੱਖ ਵਿੱਚ ਤਗ਼ਮੇ ਜਿੱਤਣ ਲਈ ਉਸ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਹੁਣ ਉਹ 2030 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ’ਤੇ ਧਿਆਨ ਕੇਂਦਰਿਤ ਕਰੇਗੀ। ਫੈਡਰੇਸ਼ਨ ਖ਼ਿਲਾਫ਼ ਸੁਰ ਬਦਲਣ ਦੇ ਬਾਵਜੂਦ ਉਸ ਨੇ ਰੋਸ਼ੀਬੀਨਾ ਦੇਵੀ ’ਤੇ ਦੋਸ਼ ਲਾਉਣੇ ਜਾਰੀ ਰੱਖਦਿਆਂ ਮੁੜ ਉਸ ’ਤੇ ਜੂਨ ਤੋਂ ਲੈ ਕੇ ਹੁਣ ਤੱਕ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਕਰਨ ਦੇ ਦੋਸ਼ ਦੁਹਰਾਏ।

