ਕੁਸ਼ਤੀ: Nitesh Siwach ਨੇ Silver ਦਾ Medal ਜਿੱਤਿਆ
64 ਸਾਲਾਂ ਵਿੱਚ ਪਹਿਲਾ ਗਰੀਕੋ-ਰੋਮਨ ਸੋਨ ਤਗ਼ਮਾ ਜੇਤੂ ਬਣਨ ਦਾ ਮੌਕਾ ਖੁੰਝਿਆ
ਨਿਤੇਸ਼ ਸਿਵਾਚ ਇਤਿਹਾਸਕ ਸੋਨ ਤਗ਼ਮਾ ਜਿੱਤਣ ਤੋਂ ਖੁੰਝ ਗਿਆ, ਪਰ ਉਸ ਨੇ 1962 ਤੋਂ ਬਾਅਦ ਏਸ਼ਿਆਈ ਖੇਡਾਂ ਵਿੱਚ ਗਰੀਕੋ-ਰੋਮਨ ਕੁਸ਼ਤੀ ਵਿੱਚ ਭਾਰਤ ਦਾ ਪਹਿਲਾ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸੇ ਦੌਰਾਨ ਅੱਜ ਇੱਥੇ ਮਾਨਸੀ ਅਹਿਲਾਵਤ ਮਹਿਲਾਵਾਂ ਦੇ 62 ਕਿਲੋ ਭਾਰ ਵਰਗ ਦੇ ਕਾਂਸੀ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਹਾਰ ਗਈ।
ਨਿਤੇਸ਼ ਜਿਸ ਕੋਲ 64 ਸਾਲਾਂ ਵਿੱਚ ਏਸ਼ਿਆਈ ਖੇਡਾਂ ਵਿੱਚ ਭਾਰਤ ਦਾ ਪਹਿਲਾ ਗਰੀਕੋ-ਰੋਮਨ ਸੋਨ ਤਗ਼ਮਾ ਜੇਤੂ ਬਣਨ ਦਾ ਮੌਕਾ ਸੀ, ਪੁਰਸ਼ਾਂ ਦੇ 97 ਕਿਲੋ ਵਰਗ ਦੇ ਫਾਈਨਲ ਵਿੱਚ ਮੇਜ਼ਬਾਨ ਜਪਾਨ ਦੇ ਖਿਡਾਰੀ ਯੂਰੀ ਨਾਕਾਜ਼ਾਤੋ ਤੋਂ 0-4 ਨਾਲ ਹਾਰ ਗਿਆ। ਦੂਜੇ ਪਾਸੇ, ਮਾਨਸੀ ਨੂੰ ਮੰਗੋਲੀਆ ਦੀ ਅਲਤਜਿਨ ਤੋਗਤੋਖ ਹੱਥੋਂ 2-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਦਾ ਮਜ਼ਬੂਤ ਬਚਾਅ ਤਗ਼ਮੇ ਦੇ ਮੁਕਾਬਲੇ ਵਿੱਚ ਵਿਸ਼ੇਸ਼ ਤੌਰ ’ਤੇ ਦੇਖਣ ਯੋਗ ਰਿਹਾ। 1962 ਦੀਆਂ ਖੇਡਾਂ ਵਿੱਚ ਮਾਲਵਾ ਸਿੰਘ (52 ਕਿਲੋ) ਅਤੇ ਗਣਪਤ ਅੰਦਾਲਕਰ (97+ ਕਿਲੋ) ਨੇ ਸੋਨ ਤਗ਼ਮੇ ਜਿੱਤੇ ਸਨ, ਜਦੋਂ ਕਿ ਉਦੈ ਚੰਦ (70 ਕਿਲੋ), ਸੱਜਣ ਸਿੰਘ (87 ਕਿਲੋ) ਅਤੇ ਮਾਰੂਤੀ ਮਾਨੇ (97 ਕਿਲੋ) ਨੇ ਚਾਂਦੀ ਦੇ ਤਗ਼ਮੇ ਜਿੱਤੇ ਸਨ। ਇਸ ਤੋਂ ਪਹਿਲਾਂ ਨਿਤੇਸ਼ ਤਕੀਨੀਕੀ ਕੁਸ਼ਲਤਾ ਦੇ ਆਧਾਰ ’ਤੇ ਸ਼ਾਨਦਾਰ ਜਿੱਤ ਦਰਜ ਕਰ ਕੇ ਪੁਰਸ਼ਾਂ ਦੇ 97 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਦਾਖ਼ਲ ਹੋਇਆ। ਉਸ ਨੇ ਪਹਿਲੇ ਤਿੰਨ ਮਿੰਟਾਂ ਵਿੱਚ ਹੀ ਮੰਗੋਲੀਆ ਦੇ ਗਨਖੁਯਾਂਗ ਗਨਬਾਤਾਰ ਨੂੰ ਤਕਨੀਕੀ ਕੁਸ਼ਲਤਾ (9-0) ਨਾਲ ਹਰਾ ਦਿੱਤਾ।

