Aman Sehrawat Wins Gold: ਕੁਸ਼ਤੀ: ਅਮਨ ਨੇ ਸੋਨ ਤਗ਼ਮਾ ਜਿੱਤਿਆ
ਅੰਤਿਮ ਪੰਘਾਲ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ; ਦੀਪਕ ਨੇ ਏਸ਼ਿਆਈ ਖੇਡਾਂ ਦੇ ਸਫ਼ਰ ’ਚ ਕਾਂਸੀ ਦਾ ਤਗ਼ਮਾ ਜੋੜਿਆ
ਓਲੰਪਿਕ ਕਾਂਸੀ ਤਗ਼ਮਾ ਜੇਤੂ ਅਮਨ ਸਹਿਰਾਵਤ ਨੇ ਅੱਜ ਇੱਥੇ ਪੁਰਸ਼ਾਂ ਦੇ 57 ਕਿਲੋ ਭਾਰ ਵਰਗ ਵਿੱਚ ਉੱਤਰੀ ਕੋਰੀਆ ਦੇ ਚੋਂਗ ਸੋਂਗ ਹਾਨ ਨੂੰ 11-7 ਨਾਲ ਹਰਾ ਕੇ ਆਪਣੇ ਏਸ਼ਿਆਈ ਖੇਡਾਂ ਦੇ ਤਗ਼ਮੇ ਦਾ ਰੰਗ ਬਦਲਣ ਲਈ ਤਣਾਅਪੂਰਨ ਫਾਈਨਲ ਵਿੱਚ ਸੋਨ ਤਗ਼ਮਾ ਆਪਣੇ ਨਾਂ ਕੀਤਾ। ਇਸੇ ਦੌਰਾਨ ਅੰਤਿਮ ਪੰਘਾਲ ਨੇ ਔਰਤਾਂ ਦੇ 53 ਕਿਲੋ ਭਾਰ ਵਰਗ ’ਚ ਚਾਂਦੀ ਦਾ ਤਗ਼ਮਾ ਅਤੇ ਦੀਪਕ ਪੂਨੀਆ ਨੇ ਪੁਰਸ਼ਾਂ ਦੇ 97 ਕਿਲੋ ਭਾਰ ਵਰਗ ’ਚ ਕਾਂਸੀ ਤਗ਼ਮਾ ਜਿੱਤਿਆ।
ਅਮਨ ਜਿਸ ਨੇ 2023 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਸ਼ੁਰੂ ਵਿੱਚ ਹਾਨ ਦੇ ਹਿਫ਼ਾਜ਼ਤੀ ਰਵੱਈਏ ਤੋਂ ਨਿਰਾਸ਼ ਸੀ, ਕਿਉਂਕਿ ਉੱਤਰੀ ਕੋਰੀਆ ਦੇ ਖਿਡਾਰੀ ਨੇ ਭਾਰਤੀ ਪਹਿਲਵਾਨ ਨੂੰ ਹਮਲਾ ਕਰਨ ਤੋਂ ਰੋਕਣ ਲਈ ਵਾਰ-ਵਾਰ ਆਪਣੀਆਂ ਬਾਹਾਂ ਜਕੜੀਆਂ ਹੋਈਆਂ ਸਨ। ਅਮਨ ਨੇ ਆਪਣੀ ਪਹਿਲੀ ਸਕੋਰਿੰਗ ਚਾਲ ਚੱਲੀ ਤੇ ਇਸ ਤੋਂ ਬਾਅਦ ਸਕੋਰ 4-1 ਕਰਨ ਲਈ ਇੱਕ ਟੇਕਡਾਊਨ ਕੀਤਾ। ਉਸ ਨੇ ਖੱਬੀ ਲੱਤ ਦੇ ਇੱਕ ਹੋਰ ਹਮਲੇ ਨੂੰ ਅੰਕਾਂ ਵਿੱਚ ਬਦਲਿਆ, ਹਾਨ ਨੂੰ ਮੈਟ ’ਤੇ ਸੁੱਟ ਦਿੱਤਾ ਅਤੇ 6-1 ਦੀ ਲੀਡ ਹਾਸਲ ਕਰ ਲਈ।
ਹਾਨ ਨੇ ਲਗਾਤਾਰ ਤਿੰਨ ਸਕੋਰਿੰਗ ਚਾਲਾਂ ਚੱਲਣ ਲਈ ਵਾਪਸੀ ਕੀਤੀ, ਜਿਸ ਨਾਲ ਮੁਕਾਬਲਾ ਪਲਟ ਗਿਆ ਤੇ ਉਸ ਨੇ 7-6 ਦੀ ਮਾਮੂਲੀ ਜਿਹੀ ਲੀਡ ਬਣਾ ਲਈ। ਹਾਲਾਂਕਿ, ਜਦੋਂ ਮੌਕਾ ਆਇਆ ਤਾਂ ਅਮਨ ਨੇ ਕੰਟਰੋਲ ਮੁੜ ਹਾਸਲ ਕਰਨ ਅਤੇ 10-7 ਦੇ ਸਕੋਰ ਨਾਲ ਸੋਨ ਤਗ਼ਮਾ ਪੱਕਾ ਕਰਨ ਲਈ ਦੋ ਹੋਰ ਟੇਕਡਾਊਨ ਕੀਤੇ। ਹਾਨ ਨੇ ਅਮਨ ਨੂੰ ਦਿੱਤੇ ਗਏ ਆਖ਼ਰੀ ਅੰਕ ਨੂੰ ਚੁਣੌਤੀ ਦਿੱਤੀ ਪਰ ਇੱਕ ਹੋਰ ਅੰਕ ਗੁਆਉਣ ਲਈ ਅਪੀਲ ਹਾਰ ਗਿਆ।
ਦੂਜੇ ਪਾਸੇ, ਅੰਤਿਮ ਪੰਘਾਲ ਦਾ ਮਹਾਂਦੀਪੀ ਖ਼ਿਤਾਬ ਜਿੱਤਣ ਵਾਲੀ ਸਿਰਫ਼ ਦੂਜੀ ਭਾਰਤੀ ਮਹਿਲਾ ਪਹਿਲਵਾਨ ਬਣਨ ਦਾ ਯਤਨ ਜਪਾਨ ਦੀ ਮੇਈ ਮਿਯੂਕਾ ਹੱਥੋਂ ਹਾਰਨ ਤੋਂ ਬਾਅਦ ਨਿਰਾਸ਼ਾ ਵਿੱਚ ਖ਼ਤਮ ਹੋ ਗਿਆ। ਅੰਤਿਮ ਜਿਸ ਨੇ ਹਾਂਗਜ਼ੂ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ, ਅਮਨ ਵਾਂਗ ਸਫਲਤਾ ਨਾ ਦੋਹਰਾ ਸਕੀ ਕਿਉਂਕਿ ਉਸ ਨੂੰ 2024 ਦੀ ਆਲਮੀ ਚੈਂਪੀਅਨ ਮਿਯੂਕਾ ਵਿਰੁੱਧ 1-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਪਾਨੀ ਖਿਡਾਰਨ ਨੇ ਅੰਤਿਮ ਨੂੰ ਇੱਕ ਵੀ ਮਜ਼ਬੂਤ ਹਮਲਾਵਰ ਮੌਕਾ ਨਹੀਂ ਦਿੱਤਾ। ਭਾਰਤੀ ਪਹਿਲਵਾਨ ਨੇ ਦੂਜੇ ਗੇੜ ਵਿੱਚ ਸੱਜੀ ਲੱਤ ਦੇ ਹਮਲੇ ਦੀ ਕੋਸ਼ਿਸ਼ ਕੀਤੀ ਪਰ ਮਿਯੂਕਾ ਨੇ ਤੇਜ਼ੀ ਨਾਲ ਜਵਾਬੀ ਹਮਲਾ ਕਰਦਿਆਂ 5-1 ਦੇ ਸਕੋਰ ’ਤੇ ਚਾਰ ਅੰਕਾਂ ਦਾ ਦਾਅ ਲਾ ਕੇ 9-1 ਦੀ ਅਜੇਤੂ ਲੀਡ ਬਣਾ ਲਈ।
ਇਸੇ ਦੌਰਾਨ ਪਹਿਲਵਾਨ ਦੀਪਕ ਪੂਨੀਆ ਨੇ ਅੱਜ ਇੱਥੇ ਮੰਗੋਲੀਆ ਦੇ ਗਨਖੁਯਾਗ ਗਨਬਾਤਾਰ ਖ਼ਿਲਾਫ਼ 2-1 ਨਾਲ ਜਿੱਤ ਦਰਜ ਕਰ ਕੇ ਪੁਰਸ਼ਾਂ ਦੇ 97 ਕਿਲੋ ਵਰਗ ਵਿੱਚ ਕਾਂਸੀ ਤਗ਼ਮਾ ਜਿੱਤ ਕੇ ਆਪਣੇ ਸੰਗ੍ਰਹਿ ਵਿੱਚ ਏਸ਼ਿਆਈ ਖੇਡਾਂ ਦਾ ਦੂਜਾ ਤਗ਼ਮਾ ਸ਼ਾਮਲ ਕਰ ਲਿਆ। 27 ਸਾਲਾ ਭਾਰਤੀ ਪਹਿਲਵਾਨ ਜਿਸ ਨੇ 2022 ਦੀਆਂ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਇਸ ਤੋਂ ਪਹਿਲਾਂ ਉਜ਼ਬੇਕਿਸਤਾਨ ਦੇ ਸ਼ੇਰਜ਼ੋਦ ਪੋਯੋਨੋਵ ਤੋਂ ਸੈਮੀ ਫਾਈਨਲ ਵਿੱਚ 8-9 ਦੀ ਹਾਰ ਤੋਂ ਬਾਅਦ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਿਆ ਸੀ। 86 ਕਿਲੋ ਭਾਰ ਵਰਗ ਤੋਂ 97 ਕਿਲੋ ਵਿੱਚ ਆਉਣ ਵਾਲੇ ਦੀਪਕ ਨੇ ਆਪਣੇ ਮੁਕਾਬਲੇ ਦੀ ਸ਼ੁਰੂਆਤ ਚੀਨ ਦੇ ਜੁਨਪੇਂਗ ਜ਼ੋਊ ਉੱਤੇ 12-2 ਦੀ ਸ਼ਾਨਦਾਰ ਤਕਨੀਕੀ ਜਿੱਤ ਪ੍ਰਾਪਤ ਕਰ ਕੇ ਕੀਤੀ ਸੀ। ਫਿਰ ਸੈਮੀ ਫਾਈਨਲ ਵਿੱਚ ਪਹੁੰਚਣ ਲਈ ਹਾਂਗ ਕਾਂਗ ਦੇ ਵਿਨਸੈਂਟ ਫੰਗ ਵੁਈ ਲੀ ਵੱਲੋਂ ਵਾਕਓਵਰ ਹਾਸਲ ਕੀਤਾ ਸੀ।

