WPL ਚੰਡੀਗੜ੍ਹ ਦੀ ਨੰਦਨੀ ਸ਼ਰਮਾ ਵੱਲੋਂ ਹੈਟ੍ਰਿਕ, ਗੁਜਰਾਤ ਜਾਇੰਟਜ਼ ਵੱਲੋਂ ਦਿੱਲੀ ਕੈਪੀਟਲਜ਼ ਨੂੰ 210 ਦੌੜਾਂ ਦਾ ਟੀਚਾ
ਡਿਵਾਈਨ ਨੇ ਗੁਜਰਾਤ ਲਈ 42 ਗੇਂਦਾਂ ਵਿਚ 95 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ
ਮਹਿਲਾ ਪ੍ਰੀਮੀਅਰ ਲੀਗ ਦੇ ਇਕ ਮੁਕਾਬਲੇ ਵਿਚ ਸੋਫ਼ੀ ਡਿਵਾਈਨ ਦੀ 95 ਦੌੜਾਂ ਦੀ ਤੇਜ਼ਤਰਾਰ ਪਾਰੀ ਦੀ ਬਦੌਲਤ ਗੁਜਰਾਤ ਜਾਇੰਟਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਦਿੱਲੀ ਕੈਪੀਟਲਜ਼ ਖਿਲਾਫ਼ 209 ਦੌੜਾਂ ਬਣਾਈਆਂ ਹਨ। ਚੰਡੀਗੜ੍ਹ ਦੀ ਨੰਦਨੀ ਸ਼ਰਮਾ ਨੇ ਦਿੱਲੀ ਕੈਪੀਟਲਜ਼ ਲਈ ਹੈਟ੍ਰਿਕ ਲਾਈ ਤੇ ਚਾਰ ਓਵਰਾਂ ਵਿਚ 33 ਦੌੜਾਂ ਬਦਲੇ ਪੰਜ ਵਿਕਟਾਂ ਲਈਆਂ। ਆਖਰੀ ਖ਼ਬਰਾਂ ਤੱਕ ਦਿੱਲੀ ਕੈਪੀਟਲਜ਼ ਦੀ ਟੀਮ ਨੇ ਟੀਚੇ ਦਾ ਪਿੱਛਾ ਕਰਦਿਆਂ 12 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਨਾਲ 106 ਦੌੜਾਂ ਬਣਾ ਲਈਆਂ ਸਨ। ਸਲਾਮੀ ਬੱਲੇਬਾਜ਼ ਲੀਜ਼ਲੇ ਲੀ 66 ਦੌੜਾਂ ਤੇ ਲੌਰਾ ਵੌਲਡਾਰਟ 24 ਦੌੜਾਂ ਨਾਲ ਨਾਬਾਦ ਸੀ। ਸ਼ੇਫਾਲੀ ਵਰਮਾ 14 ਦੌੜਾਂ ਬਣਾ ਕੇ ਆਊਟ ਹੋ ਗਈ।
ਇਸ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨੇ ਟਾਸ ਜਿੱਤ ਕੇ ਗੁਜਰਾਤ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਸਲਾਮੀ ਬੱਲੇਬਾਜ਼ ਡਿਵਾਈਨ, ਜਿਸ ਨੇ ਅਜੇ ਪਿਛਲੇ ਸਾਲ ਹੀ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲਿਆ ਹੈ, ਨੇ 42 ਗੇਂਦਾਂ ਦੀ ਪਾਰੀ ਵਿਚ 7 ਚੌਕੇ ਤੇ 8 ਛੱਕੇ ਜੜੇ। ਉਸ ਨੇ ਬੈਥ ਮੂਨੀ (19) ਨਾਲ ਪਹਿਲੇ ਵਿਕਟ ਲਹੀ 94 ਦੌੜਾਂ ਦੀ ਭਾਈਵਾਲੀ ਕੀਤੀ। ਨਿਊਜ਼ੀਲੈਂਡ ਦੀ ਇਸ ਬੱਲੇਬਾਜ਼ ਨੇ ਆਪਣਾ ਨੀਮ ਸੈਂਕੜਾ ਮਹਿਜ਼ 25 ਗੇਂਦਾਂ ਵਿਚ ਪੂਰਾ ਕੀਤਾ।
ਨੰਦਨੀ ਸ਼ਰਮਾ ਨੇ ਡਿਵਾਈਨ ਨੂੰ 11ਵੇਂ ਓਵਰ ਵਿਚ ਬੋਲਡ ਕਰਕੇ ਗੁਜਰਾਤ ਟੀਮ ਦੀਆਂ ਦੌੜਾਂ ਦੀ ਰਫ਼ਤਾਰ ਨੂੰ ਥੰਮਿਆ। ਟੀਮ ਦੀ ਕਪਤਾਨ ਐਸ਼ਲੇ ਗਾਰਡਨਰ ਨੇ 26 ਗੇਂਦਾਂ ਵਿਚ ਤੇਜ਼ਤਰਾਰ 49 ਦੌੜੜਾਂ ਦੀ ਪਾਰੀ ਖੇਡੀ। ਨੰਦਨੀ ਨੇ ਪਾਰੀ ਦੇ ਆਖਰੀ ਓਵਰ ਵਿਚ ਚਾਰ ਵਿਕਟ ਲਏ, ਜਿਸ ਵਿਚ ਆਖਰੀ ਤਿੰਨ ਗੇਂਦਾਂ ’ਤੇ ਲਈਆਂ ਤਿੰਨ ਵਿਕਟਾਂ ਵੀ ਸ਼ਾਮਲ ਹਨ। ਚੰਡੀਗੜ੍ਹ ਨਾਲ ਸਬੰਧਤ ਇਸ ਗੇਂਦਬਾਜ਼ ਦੀ ਇਹ ਪਲੇਠੀ ਹੈਟ੍ਰਿਕ ਹੈ।

