ਨਵੀਂ ਦਿੱਲੀ: ਮੌਜੂਦਾ ਯੁਵਾ ਏਸ਼ਿਆਈ ਚੈਂਪੀਅਨ ਰਵੀਨਾ, ਵਿਸ਼ਵਨਾਥ ਸੁਰੇਸ਼ ਅਤੇ ਵੰਸ਼ਜ ਸਮੇਤ ਸੱਤ ਭਾਰਤੀ ਖਿਡਾਰੀਆਂ ਨੇ ਸਪੇਨ ਦੇ ਲਾ ਨੁਸੀਆ ਵਿੱਚ ਚੱਲ ਰਹੀ ਯੁਵਾ ਪੁਰਸ਼ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਕੇ ਤਗਮੇ ਪੱਕੇ ਕਰ ਲਏ ਹਨ। ਆਖਰੀ ਚਾਰ ਵਿੱਚ ਜਗ੍ਹਾ ਬਣਾਉਣ ਵਾਲੇ ਹੋਰ ਭਾਰਤੀ ਖਿਡਾਰੀਆਂ ਵਿੱਚ ਭਾਵਨਾ ਸ਼ਰਮਾ (48 ਕਿਲੋਗ੍ਰਾਮ), ਕੁੰਜਾਰਾਣੀ ਦੇਵੀ ਥੋਂਗਮ (60 ਕਿਲੋਗ੍ਰਾਮ), ਲਸ਼ੂ ਯਾਦਵ (70 ਕਿਲੋਗ੍ਰਾਮ) ਅਤੇ ਆਸ਼ੀਸ਼ (54 ਕਿਲੋਗ੍ਰਾਮ) ਸ਼ਾਮਲ ਹਨ। ਟੂਰਨਾਮੈਂਟ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਭਾਰਤ ਦੀਆਂ ਚਾਰ ਮਹਿਲਾ ਖਿਡਾਰਨਾਂ ਨੇ ਕੁਆਰਟਰ ਫਾਈਨਲ ਵਿੱਚ ਆਪੋ-ਆਪਣੇ ਮੁਕਾਬਲੇ 5-0 ਦੇ ਫਰਕ ਨਾਲ ਜਿੱਤੇ। ਰਵੀਨਾ ਨੇ 63 ਕਿਲੋ ਵਰਗ ਮੁਕਾਬਲੇ ਵਿੱਚ ਰੋਮਾਨੀਆ ਦੀ ਅਲੈਗਜ਼ੈਂਡਰਾ ਕ੍ਰੇਟੂ ਨੂੰ ਹਰਾਇਆ, ਭਾਵਨਾ ਨੇ ਵੈਨੇਜ਼ੁਏਲਾ ਦੀ ਅਵੀਮਿਰ ਬ੍ਰਿਟੋ ਨੂੰ, ਕੁੰਜਾਰਾਣੀ ਨੇ ਕਜ਼ਾਖਸਤਾਨ ਦੀ ਏਗੇਰਿਮ ਕਬਦੋਲਡਾ ਅਤੇ ਲਸ਼ੂ ਨੇ ਮੈਕਸੀਕੋ ਦੀ ਜ਼ੁਜੇਟ ਹਰਨਾਂਡੇਜ਼ ਨੂੰ ਹਰਾਇਆ। ਉਧਰ ਅੱਜ ਪੰਜ ‘ਚੋਂ ਤਿੰਨ ਭਾਰਤੀ ਪੁਰਸ਼ ਮੁੱਕੇਬਾਜ਼ਾਂ ਨੇ ਸੈਮੀਫਾਈਨਲ ਵਿੱਚ ਥਾਂ ਬਣਾਈ। ਵਿਸ਼ਵਨਾਥ (48 ਕਿਲੋ) ਅਤੇ ਵੰਸ਼ਜ (63.5 ਕਿਲੋ) ਨੇ ਕ੍ਰਮਵਾਰ ਆਸਟਰੇਲੀਆ ਦੇ ਜੇ ਕੇਰ ਅਤੇ ਕਿਰਗਿਸਤਾਨ ਦੇ ਉਮਰ ਲਿਵਾਜ਼ਾ ਨੂੰ ਹਰਾਇਆ। ਆਸ਼ੀਸ਼ ਨੇ ਸਕਾਟਲੈਂਡ ਦੇ ਐਰੋਨ ਕੁਲੇਨ ਨੂੰ 4-3 ਨਾਲ ਮਾਤ ਦਿੱਤੀ। -ਪੀਟੀਆਈ