ਅਹਿਮਦਾਬਾਦ, 19 ਨਵੰਬਰ
ਭਾਰਤ ਅਤੇ ਆਸਟਰੇਲੀਆ ਦਰਮਿਆਨ ਅੱਜ ਇੱਥੇ ਖੇਡੇ ਗਏ ਵਿਸ਼ਵ ਕੱਪ ਫਾਈਨਲ ਤੋਂ ਪਹਿਲਾਂ ਭਾਰਤੀ ਹਵਾਈ ਸੈਨਾ ਦੀ ਸੂਰਿਆ ਕਿਰਨ ਐਕਰੋਬੈਟਿਕ ਟੀਮ ਨੇ ਅੱਜ ਇੱਥੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਖਚਾ-ਖਚ ਭਰੇ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਦਰਸ਼ਕਾਂ ਦਾ ਮਨ ਮੋਹ ਲਿਆ। ਭਾਰਤੀ ਹਵਾਈ ਸੈਨਾ ਦੇ ਕੁੱਲ ਨੌਂ ਹਾਕ ਐੱਮਕੇ-132 ਐੱਸਕੇਏਟੀ ਜਹਾਜ਼ਾਂ ਨੇ ਇਤਿਹਾਸ ਰਚਿਆ ਕਿਉਂਕਿ ਇਹ ਪਹਿਲਾਂ ਮੌਕਾ ਸੀ, ਜਦੋਂ ਭਾਰਤ ਵਿੱਚ ਕਿਸੇ ਕ੍ਰਿਕਟ ਮੈਚ ਤੋਂ ਪਹਿਲਾਂ ਹਵਾਈ ਸ਼ੋਅ ਦਾ ਪ੍ਰਦਰਸ਼ਨ ਹੋਇਆ ਹੋਵੇ। ਇਸ ਤੋਂ ਬਿਹਤਰ ਹੋਰ ਕੀ ਹੋ ਸਕਦਾ ਸੀ ਕਿ ਇਹ ਕ੍ਰਿਕਟ ਵਿਸ਼ਵ ਕੱਪ ਦਾ ਫਾਈਨਲ ਸੀ। ਭਾਰਤੀ ਹਵਾਈ ਸੈਨਾ ਨੇ 1,32,000 ਤੋਂ ਵੱਧ ਦਰਸ਼ਕਾਂ ਦੀ ਸਮਰੱਥਾ ਵਾਲੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਟਾਸ ਤੋਂ ਪਹਿਲਾਂ ਦਸ ਮਿੰਟ ਦਾ ਪ੍ਰੋਗਰਾਮ ਪੇਸ਼ ਕੀਤਾ। ਆਮ ਤੌਰ ’ਤੇ 13 ਪਾਇਲਟਾਂ ਨਾਲ ਬਣੀ ਐੱਸਕੇਏਟੀ ਟੀਮ ਵਿੱਚ ਸਿਰਫ਼ ਨੌਂ ਹੀ ਆਪਣੇ ਹਾਕ ਐਡਵਾਂਸ ਟਰੇਨਰ ਜੈੱਟ ਵਿੱਚ ਕਿਸੇ ਵੇਲੇ ਪ੍ਰਦਰਸ਼ਨ ਕਰਦੇ ਹਨ। -ਪੀਟੀਆਈ