Women's World Cup final: ਖਿਤਾਬੀ ਮੁਕਾਬਲੇ ਤੋਂ ਪਹਿਲਾਂ ਨਵੀ ਮੁੰਬਈ ’ਚ ਭਾਰੀ ਮੀਂਹ
ਭਾਰਤ ਤੇ ਦੱਖਣੀ ਅਫ਼ਰੀਕਾ ਦੀਆਂ ਮਹਿਲਾ ਟੀਮਾਂ ਦਰਮਿਆਨ ਅੱਜ ਸ਼ਾਮੀਂ ਤਿੰਨ ਵਜੇ ਤੋਂ ਖੇਡੇ ਜਾਣ ਵਾਲੇ ਵਿਸ਼ਵ ਕੱਪ ਦੇ ਖਿਤਾਬੀ ਮੁਕਾਬਲੇ ਤੋਂ ਪਹਿਲਾਂ ਸਵੇਰੇ ਹਲਕਾ ਮੀਂਹ ਪਿਆ। ਹਾਲਾਂਕਿ ਕੁਝ ਦੇਰ ਬਾਅਦ ਡੀਵਾਈ ਪਾਟਿਲ ਸਟੇਡੀਅਮ ’ਤੇ ਚਮਕਦਾਰ ਸੂਰਜ ਚੜ੍ਹ ਗਿਆ। ਮੌਸਮ ਵਿਭਾਗ ਨੇ ਦੁਪਹਿਰੇ 1 ਤੋਂ 2 ਵਜੇ ਦੇ ਵਿਚਕਾਰ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਸੀ, ਪਰ ਅਚਾਨਕ ਆਏ ਭਾਰੀ ਮੀਂਹ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਫਾਈਨਲ ਦੁਪਹਿਰ 3 ਵਜੇ ਸ਼ੁਰੂ ਹੋਣ ਵਾਲਾ ਹੈ ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਟਾਸ ਵਿੱਚ ਦੇਰੀ ਹੋਣ ਦੀ ਉਮੀਦ ਹੈ।
ਨਵੀ ਮੁੰਬਈ ਵਿੱਚ ਇਹ ਚੌਥਾ ਅਜਿਹਾ ਪਲ ਹੈ, ਜਦੋਂ ਬੇਮੌਸਮੀ ਮੀਂਹ ਨੇ ਮੈਚ ਦੀ ਕਾਰਵਾਈ ਵਿੱਚ ਵਿਘਨ ਪਾਇਆ ਹੈ। ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਸਾਰੇ ਮੈਚ ਜਾਂ ਤਾਂ ਦੇਰੀ ਨਾਲ ਹੋਏ, ਰੱਦ ਕੀਤੇ ਗਏ ਜਾਂ ਮੀਂਹ ਕਾਰਨ ਅੜਿੱਕਾ ਪਿਆ।
ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਟੂਰਨਾਮੈਂਟ ਦੇ ਇਤਿਹਾਸ ਦਾ ਆਪਣਾ ਤੀਜਾ ਖਿਤਾਰੀ ਮੁਕਾਬਲਾ ਖੇਡਣ ਜਾ ਰਹੀ ਹੈ। ਇਹ ਦੱਖਣੀ ਅਫ਼ਰੀਕੀ ਟੀਮ ਲਈ ਚਮਕਦਾਰ ਟਰਾਫੀ ਆਪਣੇ ਘਰ ਲੈ ਜਾਣ ਦਾ ਪਹਿਲਾ ਮੌਕਾ ਹੋਵੇਗਾ।
ਇਸ ਦੌਰਾਨ ਦਰਸ਼ਕਾਂ ਵਿੱਚ ਫਾਈਨਲ ਮੈਚ ਦੇਖਣ ਦਾ ਬਹੁਤ ਜ਼ਿਆਦਾ ਜੋਸ਼ ਹੈ, ਕਿਉਂਕਿ ਸਟੈਂਡ ਪੂਰੀ ਸਮਰੱਥਾ ਨਾਲ ਭਰੇ ਹੋਣ ਦੀ ਉਮੀਦ ਹੈ। ਸਟੇਡੀਅਮ ਦੀ ਅਧਿਕਾਰਤ ਸਮਰੱਥਾ 45,300 ਦਰਸ਼ਕਾਂ ਦੀ ਹੈ, ਪਰ ਸ਼ਾਮ ਤੱਕ ਇਹ ਗਿਣਤੀ ਵਧਣ ਦੀ ਉਮੀਦ ਹੈ। ਜੇਮੀਮਾ ਰੌਡਰਿਗਜ਼ ਦੀਆਂ ਨਾਬਾਦ 127 ਦੌੜਾਂ ਅਤੇ ਹਰਮਨਪ੍ਰੀਤ ਕੌਰ ਦੀਆਂ 89 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤੀ ਟੀਮ ਸੱਤ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ ਖਿਤਾਬੀ ਮੁਕਾਬਲੇ ਦੀ ਦੌੜ ’ਚੋਂ ਬਾਹਰ ਕਰਨ ਵਿਚ ਸਫ਼ਲ ਰਹੀ ਸੀ।
ਭਾਰਤ ਲਈ ਇਹ ਖਿਤਾਬੀ ਮੁਕਾਬਲਾ ਹੁਣ ਹੁਨਰ ਜਾਂ ਫਾਰਮ ਸਾਬਤ ਕਰਨ ਬਾਰੇ ਨਹੀਂ ਹੈ, ਸਗੋਂ ਉਸ ਮਾਮੂਲੀ ਜਿਹੀ ਆਖਰੀ ਰੁਕਾਵਟ ਨੂੰ ਪਾਰ ਕਰਨ ਬਾਰੇ ਹੈ ਜਿਸ ਨੇ ਉਨ੍ਹਾਂ ਨੂੰ ਅਕਸਰ ਫਸਾਇਆ ਹੈ। ਇਸ ਟੂਰਨਾਮੈਂਟ ਵਿੱਚ ਦੱਖਣੀ ਅਫ਼ਰੀਕਾ ਨੇ ਲੀਗ ਸਟੇਜ ਦੌਰਾਨ ਭਾਰਤ ਨੂੰ ਹਰਾਇਆ ਸੀ। ਹਾਲਾਂਕਿ ਡੀਵਾਈ ਪਾਟਿਲ ਸਟੇਡੀਅਮ ਵਿੱਚ, ਭਾਰਤੀ ਟੀਮ ਨੇ ਦੋ ਜਿੱਤਾਂ ਦਰਜ ਕੀਤੀਆਂ ਸਨ - ਜਿਸ ਵਿੱਚ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਵਿਰੁੱਧ ਰਿਕਾਰਡ ਪਿੱਛਾ ਵੀ ਸ਼ਾਮਲ ਸੀ - ਜਦੋਂ ਕਿ ਇੱਕ ਮੈਚ ਭਾਰੀ ਮੀਂਹ ਕਾਰਨ ਧੋਤਾ ਗਿਆ ਸੀ।
