Women's T20 World Cup: ਭਾਰਤ ਨੇ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾਇਆ
ਸ਼ੈਫਾਲੀ ਵਰਮਾ ਨੇ 34 ਗੇਂਦਾਂ ’ਤੇ 53 ਦੌੜਾਂ ਬਣਾ ਕੇ ਜਿੱਤ ਦੀ ਨੀਂਹ ਰੱਖੀ; ਬੰਗਲਾਦੇਸ਼ ਨੇ ਭਾਰਤ ਨੂੰ 137 ਦੌੜਾਂ ਦਾ ਦਿੱਤਾ ਸੀ ਟੀਚਾ
India vs Bangladesh Women's T20 World Cup: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਟੀ-20 ਵਿਸ਼ਵ ਕੱਪ ਦੇ ਅਹਿਮ ਗਰੁੱਪ ਮੈਚ ਵਿੱਚ ਅੱਜ ਬੰਗਲਾਦੇਸ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।
ਬੰਗਲਾਦੇਸ਼ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅੱਠ ਵਿਕਟਾਂ ਦੇ ਨੁਕਸਾਨ ’ਤੇ 136 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਭਾਰਤੀ ਟੀਮ ਨੇ 16.5 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 139 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਭਾਰਤ ਦੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਸਿਰਫ਼ ਅੱਠ ਦੌੜਾਂ ਬਣਾ ਕੇ ਆਊਟ ਹੋ ਗਈ। ਇਸ ਤੋਂ ਬਾਅਦ ਸ਼ੈਫਾਲੀ ਵਰਮਾ ਨੇ ਹਮਲਾਵਰ ਅੰਦਾਜ਼ ਵਿੱਚ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ।
ਸ਼ੈਫਾਲੀ ਨੇ 34 ਗੇਂਦਾਂ ਵਿੱਚ ਅੱਠ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 53 ਦੌੜਾਂ ਬਣਾਈਆਂ। ਉਸ ਨੇ ਯਾਸਤਿਕਾ ਭਾਟੀਆ ਨਾਲ ਮਿਲ ਕੇ ਦੂਜੇ ਵਿਕਟ ਲਈ ਅਹਿਮ ਸਾਂਝੇਦਾਰੀ ਕੀਤੀ। ਯਾਸਤਿਕਾ ਨੇ 18 ਗੇਂਦਾਂ ’ਤੇ 23 ਦੌੜਾਂ ਦਾ ਯੋਗਦਾਨ ਪਾਇਆ।
ਰਿਚਾ ਘੋਸ਼ 10 ਦੌੜਾਂ ਬਣਾ ਕੇ ਆਊਟ ਹੋ ਗਈ ਪਰ ਜੇਮੀਮਾ ਰੌਡਰਿਗਜ਼ ਨੇ ਤੇਜ਼ ਰਫ਼ਤਾਰ ਨਾਲ ਦੌੜਾਂ ਜੋੜਦਿਆਂ ਸਿਰਫ਼ 15 ਗੇਂਦਾਂ ’ਤੇ 26 ਦੌੜਾਂ ਬਣਾਈਆਂ। ਉਸ ਦੀ ਪਾਰੀ ਵਿੱਚ ਤਿੰਨ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ।
ਕਪਤਾਨ ਹਰਮਨਪ੍ਰੀਤ ਕੌਰ ਨੇ ਅੰਤ ਤੱਕ ਕ੍ਰੀਜ਼ ’ਤੇ ਰਹਿੰਦਿਆਂ ਨਾਬਾਦ 13 ਦੌੜਾਂ ਬਣਾਈਆਂ, ਜਦਕਿ ਦੀਪਤੀ ਸ਼ਰਮਾ ਨੇ ਦੋ ਗੇਂਦਾਂ ’ਤੇ ਨਾਬਾਦ ਪੰਜ ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਇਸ ਤੋਂ ਪਹਿਲਾਂ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦੀ ਕਮਜ਼ੋਰ ਫ਼ੀਲਡਿੰਗ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਗਰੁੱਪ-ਏ ਦੇ ਮੈਚ ਵਿੱਚ ਭਾਰਤੀ ਖਿਡਾਰਨਾਂ ਵੱਲੋਂ ਚਾਰ ਆਸਾਨ ਕੈਚ ਛੱਡੇ ਗਏ ਤੇ ਬੰਗਲਾਦੇਸ਼ ਨੇ ਅੱਠ ਵਿਕਟਾਂ ਦੇ ਨੁਕਸਾਨ ’ਤੇ 136 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਦੱਖਣੀ ਅਫ਼ਰੀਕਾ ਖ਼ਿਲਾਫ਼ ਹਾਰ ਵਿੱਚ ਵੀ ਭਾਰਤ ਦੀ ਖ਼ਰਾਬ ਫ਼ੀਲਡਿੰਗ ਮੁੱਖ ਕਾਰਨ ਰਹੀ ਸੀ ਅਤੇ ਇਸ ਮੈਚ ਵਿੱਚ ਭਾਰਤੀ ਖਿਡਾਰਨਾਂ ਨੇ ਪਾਵਰਪਲੇਅ ਦੌਰਾਨ ਹੀ ਚਾਰ ਆਸਾਨ ਕੈਚ ਛੱਡ ਦਿੱਤੇ।
ਨੰਦਨੀ ਸ਼ਰਮਾ ਨੇ ਦੋ ਕੈਚ ਛੱਡੇ, ਜਦਕਿ ਯਾਸਤਿਕਾ ਭਾਟੀਆ ਅਤੇ ਰਾਧਾ ਯਾਦਵ ਨੇ ਇੱਕ-ਇੱਕ ਕੈਚ ਹੱਥੋਂ ਗੁਆ ਦਿੱਤਾ। ਰਾਧਾ ਯਾਦਵ ਨੇ ਪਿਛਲੇ ਮੈਚ ਵਿੱਚ ਵੀ ਦੋ ਕੈਚ ਛੱਡੇ ਸਨ।
ਫਿਰਦੌਸ ਨੂੰ ਮਿਲੇ ਤਿੰਨ ਜੀਵਨਦਾਨ
ਭਾਰਤੀ ਫ਼ੀਲਡਰਾਂ ਦੀਆਂ ਗਲਤੀਆਂ ਦਾ ਸਭ ਤੋਂ ਵੱਧ ਲਾਭ ਸਲਾਮੀ ਬੱਲੇਬਾਜ਼ ਜੁਏਰੀਆ ਫਿਰਦੌਸ ਨੂੰ ਮਿਲਿਆ। ਉਸ ਨੂੰ ਪੰਜਵੇਂ ਓਵਰ ਤੱਕ ਤਿੰਨ ਵਾਰ ਜੀਵਨਦਾਨ ਮਿਲਿਆ। ਹਾਲਾਂਕਿ ਉਹ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਨਹੀਂ ਚੁੱਕ ਸਕੀ ਅਤੇ 31 ਗੇਂਦਾਂ ਵਿੱਚ 33 ਦੌੜਾਂ ਬਣਾ ਕੇ ਆਊਟ ਹੋ ਗਈ।
ਨੰਦਨੀ ਸ਼ਰਮਾ, ਜਿਸ ਨੂੰ ਪਿੱਚ ’ਤੇ ਦੌੜਨ ਸਬੰਧੀ ਦੋ ਵਾਰ ਚਿਤਾਵਨੀ ਮਿਲੀ ਸੀ, ਨੇ ਬਾਅਦ ਵਿੱਚ ਸ਼ਾਨਦਾਰ ਕੈਚ ਫੜ ਕੇ ਫਿਰਦੌਸ ਦੀ ਪਾਰੀ ਦਾ ਅੰਤ ਕੀਤਾ।
ਫਿਰਦੌਸ ਅਤੇ ਸ਼ੋਭਨਾ ਮੋਸਤਾਰੀ ਨੇ ਦੂਜੇ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕੀਤੀ। ਮੋਸਤਾਰੀ ਨੇ 26 ਗੇਂਦਾਂ ਵਿੱਚ 22 ਦੌੜਾਂ ਬਣਾਈਆਂ।
ਭਾਰਤ ਨੇ ਇਸ ਮੈਚ ਵਿੱਚ ਰੇਣੁਕਾ ਸਿੰਘ ਠਾਕੁਰ ਨੂੰ ਮੌਕਾ ਦਿੱਤਾ ਅਤੇ ਉਨ੍ਹਾਂ ਨੇ ਆਪਣੇ ਪਹਿਲੇ ਹੀ ਓਵਰ ਵਿੱਚ ਟੀਮ ਨੂੰ ਸਫ਼ਲਤਾ ਦਿਵਾਈ। ਸਲਾਮੀ ਬੱਲੇਬਾਜ਼ ਦਿਲਾਰਾ ਅਖ਼ਤਰ ਸਿਰਫ਼ ਚਾਰ ਦੌੜਾਂ ਬਣਾ ਕੇ ਆਊਟ ਹੋ ਗਈ।
ਸਪਿੰਨਰਾਂ ਲਈ ਮਦਦਗਾਰ ਹਾਲਾਤ ਦਾ ਭਾਰਤੀ ਟੀਮ ਨੇ ਭਰਪੂਰ ਫ਼ਾਇਦਾ ਚੁੱਕਿਆ। ਰਾਧਾ ਯਾਦਵ ਨੇ ਫ਼ੀਲਡਿੰਗ ਦੀਆਂ ਗਲਤੀਆਂ ਨੂੰ ਪਿੱਛੇ ਛੱਡਦਿਆਂ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ 28 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।
