Women’s T20: ਦੱਖਣੀ ਅਫਰੀਕਾ ਨੇ ਭਾਰਤ ਨੂੰ ਹਰਾਇਆ
ਮੇਜ਼ਬਾਨ ਟੀਮ ਨੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ w ਕਪਤਾਨ ਵੋਲਵਾਰਡ ਨੇ ਨੀਮ ਸੈਂਕਡ਼ਾ ਜਡ਼ਿਆ
ਦੱਖਣੀ ਅਫਰੀਕਾ ਦੀ ਮਹਿਲਾ ਟੀਮ ਨੇ ਇੱਥੇ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਭਾਰਤੀ ਗੇਂਦਬਾਜ਼ਾਂ ਦੀਆਂ ਗ਼ਲਤੀਆਂ ਦਾ ਫ਼ਾਇਦਾ ਉਠਾਉਂਦਿਆਂ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ। ਮੇਜ਼ਬਾਨ ਟੀਮ ਨੇ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਲੀਡ ਲੈ ਲਈ ਹੈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਸੱਤ ਵਿਕਟਾਂ ਦੇ ਨੁਕਸਾਨ ’ਤੇ 157 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਦੱਖਣੀ ਅਫਰੀਕਾ ਨੇ 19.1 ਓਵਰਾਂ ਵਿੱਚ ਜੇਤੂ ਟੀਚਾ ਹਾਸਲ ਕਰ ਲਿਆ। ਮੇਜ਼ਬਾਨ ਕਪਤਾਨ ਲੌਰਾ ਵੋਲਵਾਰਡ ਨੇ 39 ਗੇਂਦਾਂ ਵਿੱਚ 51 ਦੌੜਾਂ ਦੀ ਕਪਤਾਨੀ ਪਾਰੀ ਖੇਡ ਕੇ ਜਿੱਤ ਦੀ ਨੀਂਹ ਰੱਖੀ, ਜਿਸ ਨੂੰ ਐਨੇਰੀ ਡਰਕਸਨ ਨੇ 34 ਗੇਂਦਾਂ ਵਿੱਚ ਨਾਬਾਦ 44 ਦੌੜਾਂ ਬਣਾ ਕੇ ਪੂਰਾ ਕੀਤਾ।
ਭਾਰਤ ਵੱਲੋਂ ਸਪਿੰਨਰ ਸ਼੍ਰੇਅੰਕਾ ਪਾਟਿਲ ਅਤੇ ਸ੍ਰੀ ਚਰਨੀ ਨੇ ਪ੍ਰਭਾਵਿਤ ਕੀਤਾ ਪਰ ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ ਕਾਫ਼ੀ ਮਹਿੰਗੀ ਸਾਬਤ ਹੋਈ। ਦੀਪਤੀ ਸ਼ਰਮਾ ਦੇ ਆਖ਼ਰੀ ਓਵਰ ਵਿੱਚ ਕਲੋਏ ਟਾਇਰਨ ਨੇ ਛੱਕਾ ਮਾਰ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ। ਭਾਰਤ ਵੱਲੋਂ ਕਾਸ਼ਵੀ ਗੌਤਮ ਨੇ ਇਸ ਮੈਚ ਰਾਹੀਂ ਟੀ-20 ਕੌਮਾਂਤਰੀ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ।
ਇਸ ਤੋਂ ਪਹਿਲਾਂ ਭਾਰਤੀ ਪਾਰੀ ਦੀ ਸ਼ੁਰੂਆਤ ਸ਼ਾਨਦਾਰ ਰਹੀ। ਸ਼ੈਫਾਲੀ ਵਰਮਾ ਨੇ 20 ਗੇਂਦਾਂ ਵਿੱਚ 34 ਦੌੜਾਂ ਬਣਾਈਆਂ, ਜਿਸ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਪੰਜ ਮੈਚਾਂ ਦੀ ਲੜੀ ਦਾ ਅਗਲਾ ਮੁਕਾਬਲਾ ਐਤਵਾਰ ਖੇਡਿਆ ਜਾਵੇਗਾ।

