ਮਹਿਲਾ ਕ੍ਰਿਕਟ: ਆਸਟਰੇਲੀਆ ਨੇ ਭਾਰਤ ਤੋਂ ਇੱਕ ਰੋਜ਼ਾ ਲੜੀ ਜਿੱਤੀ
ਜੌਰਜੀਆ ਵੌਲ ਨੇ ਸੈਂਕਡ਼ਾ ਤੇ ਲਿਚਫੀਲਡ ਨੇ ਨੀਮ ਸੈਂਕਡ਼ਾ ਜਡ਼ਿਆ
ਜੌਰਜੀਆ ਵੌਲ ਦੇ ਸ਼ਾਨਦਾਰ ਸੈਂਕੜੇ ਦੀ ਮਦਦ ਨਾਲ ਆਸਟਰੇਲੀਆ ਨੇ ਅੱਜ ਇੱਥੇ ਮੌਜੂਦਾ ਆਲਮੀ ਚੈਂਪੀਅਨ ਭਾਰਤ ਨੂੰ ਦੂਜੇ ਮਹਿਲਾ ਇਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿਚ 83 ਗੇਂਦਾਂ ਬਾਕੀ ਰਹਿੰਦਿਆਂ ਪੰਜ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਜੇਤੂ ਲੀਡ ਹਾਸਲ ਕਰ ਲਈ ਹੈ।
ਭਾਰਤ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨੌਂ ਵਿਕਟਾਂ ’ਤੇ 251 ਦੌੜਾਂ ਬਣਾਈਆਂ। ਪ੍ਰਤਿਕਾ ਰਾਵਲ ਦੀ 81 ਗੇਂਦਾਂ ’ਤੇ ਖੇਡੀ ਗਈ 52 ਦੌੜਾਂ ਦੀ ਪਾਰੀ ਨਾਲ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ। ਉਸ ਨੇ ਆਪਣੀ ਪਾਰੀ ’ਚ ਛੇ ਚੌਕੇ ਜੜੇ।
ਭਾਰਤੀ ਟੀਮ ਮੈਚ ਦੇ ਵਿਚਕਾਰਲੇ ਓਵਰਾਂ ’ਚ ਲੜਖੜਾ ਗਈ। ਇਸ ਮਗਰੋਂ ਹਰਮਨਪ੍ਰੀਤ ਨੇ 70 ਗੇਂਦਾਂ ’ਚ ਦੋ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 54 ਦੌੜਾਂ ਬਣਾਈਆਂ। ਆਸਟਰੇਲੀਆ ਨੇ ਮੈਚ ਦੀ ਸਰਵੋਤਮ ਖਿਡਾਰੀ ਚੁਣੀ ਗਈ ਜੌਰਜੀਆ ਵੌਲ (82 ਗੇਂਦਾਂ ’ਚ 101 ਦੌੜਾਂ, 13 ਚੌਕੇ, ਇੱਕ ਛੱਕਾ) ਅਤੇ ਫੌਬੀ ਲਿਚਫੀਲਡ (62 ਗੇਂਦਾਂ ’ਚ 80 ਦੌੜਾਂ) ਦੀਆਂ ਸ਼ਾਨਦਾਰ ਪਾਰੀਆਂ ਸਦਕਾ 36.1 ਓਵਰਾਂ ’ਚ ਪੰਜ ਵਿਕਟਾਂ ’ਤੇ 252 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤਰ੍ਹਾਂ ਆਸਟਰੇਲੀਆ ਨੇ ਭਾਰਤ ਖ਼ਿਲਾਫ਼ ਇੱਕ ਰੋਜ਼ਾ ਲੜੀ ’ਚ ਆਪਣਾ ਸ਼ਾਨਦਾਰ ਰਿਕਾਰਡ ਜਾਰੀ ਰੱਖਿਆ। ਆਸਟਰੇਲੀਆ ਨੇ ਹੁਣ ਤੱਕ ਭਾਰਤ ਖ਼ਿਲਾਫ਼ ਸਾਰੀਆਂ 12 ਇੱਕ ਰੋਜ਼ਾ ਲੜੀਆਂ ਜਿੱਤੀਆਂ ਹਨ।
ਭਾਰਤੀ ਕਪਤਾਨ ਹਰਮਨਪ੍ਰੀਤ ਨੇ ਕਿਹਾ ਕਿ ਉਨ੍ਹਾਂ ਅੱਜ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਉਸ ਨੇ ਅਗਲੇ ਮੈਚ ’ਚ ਚੰਗਾ ਪ੍ਰਦਰਸ਼ਨ ਕਰਨ ਦੀ ਉਮੀਦ ਜ਼ਾਹਿਰ ਕੀਤੀ ਹੈ।

