Women Junior Asia Cup,: ਪਾਕਿਸਤਾਨ ਨੂੰ 19-0 ਨਾਲ ਹਰਾ ਕੇ India in Semi Final
ਭਲਕੇ ਕੋਰੀਆ ਤੇ ਮਲੇਸ਼ੀਆ ਵਿਚਾਲੇ ਮੈਚ ਦੇ ਜੇਤੂ ਨਾਲ ਹੋਵੇਗਾ ਮੁਕਾਬਲਾ
ਭਾਰਤ ਨੇ ਅੱਜ ਇੱਥੇ ਪਾਕਿਸਤਾਨ ਨੂੰ 19-0 ਦੇ ਵੱਡੇ ਫ਼ਰਕ ਨਾਲ ਹਰਾ ਕੇ ਮਹਿਲਾ ਜੂਨੀਅਰ ਏਸ਼ੀਆ ਹਾਕੀ ਕੱਪ ਦੇ ਸੈਮੀ ਫਾਈਨਲ ਵਿੱਚ ਸ਼ਾਨਦਾਰ ਢੰਗ ਨਾਲ ਦਾਖ਼ਲਾ ਪਾਇਆ। ਭਾਰਤ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਮੈਚ ਵਿੱਚ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਟੂਰਨਾਮੈਂਟ ਦੀਆਂ ਸਭ ਤੋਂ ਵੱਡੀਆਂ ਜਿੱਤਾਂ ਵਿੱਚੋਂ ਇੱਕ ਦਰਜ ਕਰਨ ਲਈ ਲਗਾਤਾਰ ਹਮਲਾਵਰ ਖੇਡ ਦਿਖਾਈ।
ਭਾਰਤ ਨੇ 19 ਗੋਲ ਕੀਤੇ, 18 ਪੈਨਲਟੀ ਕਾਰਨਰ ਅਤੇ ਇੱਕ ਪੈਨਲਟੀ ਸਟਰੋਕ ਹਾਸਲ ਕੀਤਾ, ਜਦੋਂ ਕਿ ਪਾਕਿਸਤਾਨ ਇੱਕ ਵੀ ਗੋਲ, ਪੈਨਲਟੀ ਕਾਰਨਰ ਜਾਂ ਪੈਨਲਟੀ ਸਟਰੋਕ ਹਾਸਲ ਨਹੀਂ ਕਰ ਸਕਿਆ। ਭਾਰਤ ਦਾ ਸੈਮੀ ਫਾਈਨਲ ਵਿੱਚ ਸ਼ਨਿਚਰਵਾਰ ਨੂੰ ਕੋਰੀਆ ਅਤੇ ਮਲੇਸ਼ੀਆ ਦੇ ਮੈਚ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ। ਭਾਰਤ ਨੇ ਪਹਿਲੀ ਸੀਟੀ ਤੋਂ ਹੀ ਮੁਕਾਬਲੇ ’ਤੇ ਕਾਬੂ ਰੱਖਿਆ। ਪਹਿਲੇ ਕੁਆਰਟਰ ਵਿੱਚ ਪੰਜ ਗੋਲ ਕੀਤੇ, ਦੂਜੇ ਵਿੱਚ ਪੰਜ ਹੋਰ ਜੋੜੇ, ਤੀਜੇ ਵਿੱਚ ਤਿੰਨ ਅਤੇ ਆਖ਼ਰੀ ਕੁਆਰਟਰ ਵਿੱਚ ਛੇ ਹੋਰ ਗੋਲ ਕਰ ਕੇ ਵਿਆਪਕ ਜਿੱਤ ਦਰਜ ਕੀਤੀ ਤੇ ਆਖ਼ਰੀ ਚਾਰ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
ਭਾਰਤ ਨੇ ਪਹਿਲੇ ਪੰਜ ਮਿੰਟਾਂ ਦੇ ਅੰਦਰ ਹੀ ਦੋ ਪੈਨਲਟੀ ਕਾਰਨਰ ਹਾਸਲ ਕੀਤੇ, ਹਾਲਾਂਕਿ ਉਹ ਦੋਵਾਂ ਮੌਕਿਆਂ ਨੂੰ ਗੋਲ ਵਿੱਚ ਨਹੀਂ ਬਦਲ ਸਕੇ। ਉਨ੍ਹਾਂ ਦਾ ਲਗਾਤਾਰ ਦਬਾਅ ਜਲਦੀ ਹੀ ਰੰਗ ਲਿਆਇਆ ਜਦੋਂ ਉਨ੍ਹਾਂ ਨੇ ਛੇਵੇਂ ਮਿੰਟ ਵਿੱਚ ਗੋਲ ਕੀਤਾ, ਪਰ ਰੈਫਰਲ ਤੋਂ ਬਾਅਦ ਉਸ ਗੋਲ ਨੂੰ ਰੱਦ ਕਰ ਦਿੱਤਾ ਗਿਆ। ਭਾਰਤ ਨੇ ਦਬਾਅ ਬਣਾ ਕੇ ਰੱਖਿਆ ਅਤੇ ਇੱਕ ਮਿੰਟ ਬਾਅਦ ਉਨ੍ਹਾਂ ਨੂੰ ਹੋਰ ਪੈਨਲਟੀ ਕਾਰਨਰ ਮਿਲਿਆ। ਪੂਜਾ ਸਾਹੂ ਨੇ ਇਸ ਵਾਰ ਕੋਈ ਗ਼ਲਤੀ ਨਹੀਂ ਕੀਤੀ ਅਤੇ 7ਵੇਂ ਮਿੰਟ ਵਿੱਚ ਗੋਲ ਕਰ ਕੇ ਭਾਰਤ ਨੂੰ 1-0 ਦੀ ਲੀਡ ਦਿਵਾ ਦਿੱਤੀ।
ਉਪਰੰਤ ਤਨੂਸ਼੍ਰੀ ਕਾਡੂ ਨੇ 11ਵੇਂ ਮਿੰਟ, ਸੁਖਵੀਰ ਕੌਰ ਨੇ 13ਵੇਂ ਮਿੰਟ, ਇਸ ਤੋਂ ਤੁਰੰਤ ਬਾਅਦ ਸਨਿਕਾ ਮਾਨੇ ਨੇ ਇਕ ਹੋਰ ਗੋਲ ਕੀਤਾ। ਉਸ ਤੋਂ ਬਾਅਦ ਮਧੂ ਸਿਦਾਰ ਨੇ 16ਵੇਂ ਮਿੰਟ ਅਤੇ ਗੀਤਾ ਯਾਦਵ ਨੇ ਇਕ ਗੋਲ ਕੀਤਾ। ਸਨਿਕਾ ਨੇ ਇਕ ਹੋਰ ਗੋਲ ਕੀਤਾ। ਤਨੁਜਾ ਟੋਪੋ ਨੇ 25ਵੇਂ ਮਿੰਟ, ਪੂਜਾ ਮਲਿਕ ਨੇ 27ਵੇਂ ਮਿੰਟ ਤੋਂ ਇਲਾਵਾ ਹੋਰਾਂ ਨੇ ਵੀ ਗੋਲ ਕੀਤੇ।

