ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਸਰਦ ਰੁੱਤ ਦੀਆਂ ਖੇਡਾਂ ਦਾ ਧੁਰਾ ਬਣਾਉਣ ਵੱਲ ਇੱਕ ਹੋਰ ਕਦਮ ਪੁੱਟਦਿਆਂ ਉਪ ਰਾਜਪਾਲ ਕਵਿੰਦਰ ਗੁਪਤਾ ਨੇ ਅੱਜ ਇੱਥੇ ਐੱਨ ਡੀ ਐੱਸ ਆਈਸ ਹਾਕੀ ਸਟੇਡੀਅਮ ਵਿੱਚ ‘ਖੇਲੋ ਇੰਡੀਆ ਵਿੰਟਰ ਗੇਮਜ਼-2026’ ਦੇ ਛੇਵੇਂ ਐਡੀਸ਼ਨ ਦਾ ਉਦਘਾਟਨ ਕੀਤਾ। ਇਨ੍ਹਾਂ ਦੀ ਸਮਾਪਤੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਵੇਗੀ।
ਇਸ ਵਾਰ ਇਨ੍ਹਾਂ ਖੇਡਾਂ ਵਿੱਚ 19 ਰਾਜਾਂ, ਭਾਰਤੀ ਫੌਜ ਅਤੇ ਆਈ ਟੀ ਬੀ ਪੀ ਦੀਆਂ ਟੀਮਾਂ ਸਮੇਤ ਕੁੱਲ 1,060 ਖਿਡਾਰੀ, ਤਕਨੀਕੀ ਅਧਿਕਾਰੀ ਅਤੇ ਸਹਿਯੋਗੀ ਸਟਾਫ਼ ਹਿੱਸਾ ਲੈ ਰਹੇ ਹਨ। ਉਦਘਾਟਨੀ ਸਮਾਗਮ ਦੌਰਾਨ ਉਪ ਰਾਜਪਾਲ ਨੇ ਦੱਸਿਆ ਕਿ ਲਗਾਤਾਰ ਤੀਜੇ ਸਾਲ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕਰਨਾ ਲੱਦਾਖ ਦੀ ਸਮਰੱਥਾ ਅਤੇ ਵਚਨਬੱਧਤਾ ਦਾ ਸਬੂਤ ਹੈ। ਮੁਕਾਬਲਿਆਂ ਵਿੱਚ ਆਈਸ ਹਾਕੀ ਅਤੇ ਸਪੀਡ ਸਕੇਟਿੰਗ ਦੇ ਨਾਲ-ਨਾਲ ਪਹਿਲੀ ਵਾਰ ‘ਫਿਗਰ ਸਕੇਟਿੰਗ’ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਭਾਰਤ ਵਿੱਚ ਸਰਦ ਰੁੱਤ ਖੇਡਾਂ ਦੇ ਵਿਕਾਸ ਲਈ ਅਹਿਮ ਕਦਮ ਹੈ।
ਗੁਪਤਾ ਨੇ ਦੱਸਿਆ ਕਿ ਲੇਹ ਵਿੱਚ 53.58 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ 24 ਘੰਟੇ ਚੱਲਣ ਵਾਲਾ ਆਈਸ ਹਾਕੀ ਰਿੰਕ ਅਤੇ ਕਾਰਗਿਲ ਵਿੱਚ ਉਸਾਰੀ ਅਧੀਨ ਆਧੁਨਿਕ ਰਿੰਕ ਖਿਡਾਰੀਆਂ ਨੂੰ ਸਾਰਾ ਸਾਲ ਅਭਿਆਸ ਕਰਨ ਦਾ ਮੌਕਾ ਦੇਵੇਗਾ। ਪਹਿਲਾਂ ਇਹ ਖੇਡਾਂ ਸਿਰਫ਼ ਸਰਦੀ ਦੇ 2-3 ਮਹੀਨਿਆਂ ਤੱਕ ਸੀਮਤ ਸਨ। ਉਨ੍ਹਾਂ ਲੱਦਾਖ ਦੀ ਨਵੀਂ ਖੇਡ ਨੀਤੀ ਦਾ ਵੀ ਜ਼ਿਕਰ ਕੀਤਾ ਜਿਸ ਤਹਿਤ ਹੁਨਰਮੰਦ ਖਿਡਾਰੀਆਂ ਲਈ 4 ਫੀਸਦੀ ਨੌਕਰੀ ਰਾਖਵਾਂਕਰਨ, 100 ਕਰੋੜ ਤੱਕ ਦੇ ਨਕਦ ਇਨਾਮ ਅਤੇ ਵਜ਼ੀਫ਼ੇ ਸ਼ਾਮਲ ਹਨ। ਉਪ ਰਾਜਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੂਰ-ਦੁਰਾਡੇ ਇਲਾਕਿਆਂ ਵਿੱਚ ਅਜਿਹੇ ਕੌਮਾਂਤਰੀ ਪੱਧਰ ਦੇ ਸਮਾਗਮ ਕਰਵਾਉਣੇ ਦੇਸ਼ ਦੀ ਖੇਡ ਨੀਤੀ ਵਿੱਚ ਆਏ ਬਦਲਾਅ ਨੂੰ ਦਰਸਾਉਂਦਾ ਹੈ।

