Weightlifter ਗਿਆਨੇਸ਼ਵਰੀ ਨੂੰ Asian Games ’ਚ ਬਿਹਤਰ ਪ੍ਰਦਰਸ਼ਨ ਦੀ ਆਸ
ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਵੇਟਲਿਫਟਰ ਗਿਆਨੇਸ਼ਵਰੀ ਯਾਦਵ ਨੂੰ ਆਗਾਮੀ ਏਸ਼ਿਆਈ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਦੀ ਆਸ ਹੈ। ਉਹ ਆਪਣਾ ਗਲਾਸਗੋ ਦਾ ਤਜਰਬਾ ਜਪਾਨ ਵਿੱਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਵਰਤਣਾ ਚਾਹੁੰਦੀ ਹੈ। ਛੱਤੀਸਗੜ੍ਹ ਨਾਲ ਸਬੰਧਤ 23 ਸਾਲਾ...
ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਵੇਟਲਿਫਟਰ ਗਿਆਨੇਸ਼ਵਰੀ ਯਾਦਵ ਨੂੰ ਆਗਾਮੀ ਏਸ਼ਿਆਈ ਖੇਡਾਂ ਵਿੱਚ ਬਿਹਤਰ ਪ੍ਰਦਰਸ਼ਨ ਦੀ ਆਸ ਹੈ। ਉਹ ਆਪਣਾ ਗਲਾਸਗੋ ਦਾ ਤਜਰਬਾ ਜਪਾਨ ਵਿੱਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਵਰਤਣਾ ਚਾਹੁੰਦੀ ਹੈ। ਛੱਤੀਸਗੜ੍ਹ ਨਾਲ ਸਬੰਧਤ 23 ਸਾਲਾ ਖਿਡਾਰਨ ਨੇ ਜੁਲਾਈ ਵਿੱਚ ਹੋਈਆਂ ਗਲਾਸਗੋ ਖੇਡਾਂ ਦੌਰਾਨ 53 ਕਿਲੋ ਭਾਰ ਵਰਗ ਵਿੱਚ ਕੁੱਲ 199 ਕਿਲੋ (88 ਕਿਲੋ ਸਨੈਚ ਤੇ 111 ਕਿਲੋ ਕਲੀਨ ਐਂਡ ਜਰਕ) ਭਾਰ ਚੁੱਕ ਕੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਸਾਈ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਗੱਲਬਾਤ ਕਰਦਿਆਂ ਗਿਆਨੇਸ਼ਵਰੀ ਨੇ ਦੱਸਿਆ ਕਿ ਉਸ ਦੀ ਤਿਆਰੀ ਵਧੀਆ ਚੱਲ ਰਹੀ ਹੈ ਅਤੇ ਉਸ ਦਾ ਮੁੱਖ ਟੀਚਾ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਸੁਧਾਰਨਾ ਹੈ। ਇਸ ਵੇਲੇ ਪਟਿਆਲਾ ਦੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿੱਚ ਸਿਖਲਾਈ ਲੈ ਰਹੀ ਇਸ ਖਿਡਾਰਨ ਨੇ ਕਿਹਾ ਕਿ ਜੇ ਉਹ ਸਨੈਚ ਅਤੇ ਕਲੀਨ ਐਂਡ ਜਰਕ ਵਿੱਚ ਇੱਕ-ਇੱਕ ਕਿਲੋ ਦਾ ਵੀ ਸੁਧਾਰ ਕਰ ਲੈਂਦੀ ਹੈ, ਤਾਂ ਇਹ ਉਸ ਲਈ ਵੱਡੀ ਪ੍ਰਾਪਤੀ ਹੋਵੇਗੀ। ਇਨ੍ਹਾਂ ਖੇਡਾਂ ਤੋਂ ਬਾਅਦ ਘਰੇਲੂ ਪੱਧਰ ’ਤੇ ਵੀ 53 ਕਿਲੋ ਵਰਗ ਵਿੱਚ ਮੁਕਾਬਲਾ ਹੋਰ ਸਖ਼ਤ ਹੋ ਜਾਵੇਗਾ। ਦਰਅਸਲ, 2028 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਦੇ ਮੱਦੇਨਜ਼ਰ ਓਲੰਪਿਕ ਤਗ਼ਮਾ ਜੇਤੂ ਮੀਰਾਬਾਈ ਚਾਨੂ ਅਤੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬਿੰਦੀਆਰਾਣੀ ਦੇਵੀ ਵੀ 53 ਕਿਲੋ ਭਾਰ ਵਰਗ ਵਿੱਚ ਆ ਰਹੀਆਂ ਹਨ।

